ਵੈਨਕੂਵਰ (ਏਕਜੋਤ ਸਿੰਘ): ਬੈਲਿੰਘਮ ਚੈਂਬਰ ਆਫ਼ ਕਾਮਰਸ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੈਨੇਡੀਅਨ ਸੈਲਾਨੀਆਂ ਦੀ ਗਿਣਤੀ ਵਿੱਚ ਆਈ ਕਮੀ ਕਾਰਨ ਉੱਥੋਂ ਦੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਖਾਣ-ਪੀਣ ਦੇ ਖੇਤਰ ਉੱਤੇ ਇਸਦਾ ਸਭ ਤੋਂ ਬੁਰਾ ਅਸਰ ਪਿਆ ਹੈ, ਜਿੱਥੇ 91 ਫੀਸਦੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ ਅਤੇ 64 ਫੀਸਦੀ ਆਪਣੇ ਕਾਰੋਬਾਰ ਦੇ ਬਚਾਅ ਨੂੰ ਲੈ ਕੇ ਚਿੰਤਤ ਹਨ। ਪ੍ਰਚੂਨ ਖੇਤਰ ਦੇ 85 ਫੀਸਦੀ ਕਾਰੋਬਾਰਾਂ ਨੇ ਵੀ ਇਸੇ ਤਰ੍ਹਾਂ ਦੀ ਚਿੰਤਾ ਪ੍ਰਗਟ ਕੀਤੀ ਹੈ। ਸੈਰ-ਸਪਾਟਾ ਖੇਤਰ ਦੇ 67 ਫੀਸਦੀ ਅਤੇ ਹੋਰ ਭਾਈਚਾਰਕ ਸੇਵਾਵਾਂ ਦੇ 70 ਫੀਸਦੀ ਕਾਰੋਬਾਰਾਂ ਨੇ ਮੰਨਿਆ ਹੈ ਕਿ ਕੈਨੇਡੀਅਨਾਂ ਦੀ ਕਮੀ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ।
ਬਾਰਡਰ ਦੇ ਅੰਕੜਿਆਂ ਉੱਤੇ ਨਜ਼ਰ ਰੱਖਣ ਵਾਲੇ ਡੇਟਾਬੇਸ ਅਨੁਸਾਰ, ਬੀ.ਸੀ. ਤੋਂ ਦੱਖਣ ਵੱਲ ਅਮਰੀਕਾ ਜਾਣ ਵਾਲੇ ਵਾਹਨਾਂ ਦੀ ਗਿਣਤੀ ਵਿੱਚ 2024 ਤੋਂ 2026 ਤੱਕ ਲਗਾਤਾਰ ਗਿਰਾਵਟ ਦੇਖੀ ਗਈ ਹੈ। ਭਾਵੇਂ ਅਪ੍ਰੈਲ, ਮਈ ਅਤੇ ਜੂਨ ਵਿੱਚ ਇਸ ਗਿਣਤੀ ਵਿੱਚ ਮਾਮੂਲੀ ਵਾਧਾ ਹੋਇਆ ਸੀ, ਪਰ ਜੁਲਾਈ ਵਿੱਚ ਇਹ ਗਿਣਤੀ ਫਿਰ ਤੋਂ ਹੇਠਾਂ ਆ ਗਈ। ਇੱਕ ਸਰਵੇਖਣ ਵਿੱਚ ਜਦੋਂ ਕਾਰੋਬਾਰੀਆਂ ਨੂੰ ਪੁੱਛਿਆ ਗਿਆ ਕਿ ਕੀ ਕੈਨੇਡੀਅਨ ਸੈਲਾਨੀ ਉਨ੍ਹਾਂ ਦੇ ਕੰਮ ਨੂੰ ਪ੍ਰਭਾਵਿਤ ਕਰਦੇ ਹਨ, ਤਾਂ 63 ਫੀਸਦੀ ਨੇ ਇਸ ਨਾਲ ਪੂਰੀ ਸਹਿਮਤੀ ਜਤਾਈ ਅਤੇ 26 ਫੀਸਦੀ ਨੇ ਸਿਰਫ਼ ਸਹਿਮਤੀ ਦਿੱਤੀ। ਸਿਰਫ਼ 1.5 ਫੀਸਦੀ ਲੋਕਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ।
ਕੁੱਲ ਮਿਲਾ ਕੇ 57 ਫੀਸਦੀ ਕਾਰੋਬਾਰਾਂ ਨੇ ਕਿਹਾ ਕਿ ਕੈਨੇਡੀਅਨ ਸੈਲਾਨੀਆਂ ਦੇ ਘਟਣ ਨਾਲ ਉਨ੍ਹਾਂ ਦੇ ਕੰਮ ਉੱਤੇ ਮਾੜਾ ਅਸਰ ਪੈ ਰਿਹਾ ਹੈ। ਇਨ੍ਹਾਂ ਵਿੱਚੋਂ 37 ਫੀਸਦੀ ਕਾਰੋਬਾਰਾਂ ਨੇ ਹਾਲਾਤਾਂ ਮੁਤਾਬਕ ਆਪਣੇ ਕੰਮਕਾਜ ਦੇ ਤਰੀਕਿਆਂ ਵਿੱਚ ਬਦਲਾਅ ਕੀਤੇ ਹਨ। ਖਾਸ ਗੱਲ ਇਹ ਹੈ ਕਿ ਇਹ ਬਦਲਾਅ ਕਰਨ ਵਾਲੇ 73 ਫੀਸਦੀ ਕਾਰੋਬਾਰੀਆਂ ਨੇ ਇਨ੍ਹਾਂ ਬਦਲਾਵਾਂ ਨੂੰ ਪੱਕੇ ਤੌਰ ਉੱਤੇ ਲਾਗੂ ਕਰ ਲਿਆ ਹੈ। ਜਿਹੜੇ ਕਾਰੋਬਾਰ 10 ਸਾਲਾਂ ਤੋਂ ਘੱਟ ਸਮੇਂ ਤੋਂ ਚੱਲ ਰਹੇ ਹਨ, ਉਨ੍ਹਾਂ ਵਿੱਚੋਂ 67 ਫੀਸਦੀ ਨੇ ਮੰਨਿਆ ਕਿ ਉਹ ਆਪਣੇ ਕਾਰੋਬਾਰ ਦੇ ਭਵਿੱਖ ਨੂੰ ਲੈ ਕੇ ਕਾਫੀ ਡਰੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣਾ ਕੰਮ ਬੰਦ ਹੋਣ ਦਾ ਡਰ ਸਤਾ ਰਿਹਾ ਹੈ। ਬੈਲਿੰਘਮ ਦੇ ਵਪਾਰੀ ਹੁਣ ਉਮੀਦ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਹਾਲਾਤ ਬਿਹਤਰ ਹੋਣਗੇ। This report was written by Ekjot Singh as part of the Local Journalism Initiative.
ਕੈਨੇਡੀਅਨ ਸੈਲਾਨੀਆਂ ਦੀ ਗਿਣਤੀ ਘਟਣ ਨਾਲ ਕੈਨੇਡੀਅਨ ਕਾਰੋਬਾਰਾਂ ਉੱਤੇ ਪਿਆ ਮਾੜਾ ਅਸਰ

