ਵੈਨਕੂਵਰ (ਏਕਜੋਤ ਸਿੰਘ): ਟੋਰਾਂਟੋ ਪੁਲਿਸ ਨੇ ਇੱਕ ਕਾਮਯਾਬੀ ਹਾਸਲ ਕਰਦਿਆਂ 30 ਸਾਲਾ ਹਿਮਾਂਸ਼ੀ ਖੁਰਾਣਾ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 32 ਸਾਲਾ ਅਬਦੁਲ ਗਫੂਰੀ ਨੂੰ 7 ਅਗਸਤ ਨੂੰ ਲੱਭ ਕੇ ਹਿਰਾਸਤ ਵਿੱਚ ਲਿਆ ਗਿਆ ਹੈ। ਟੋਰਾਂਟੋ ਪੁਲਿਸ ਦੀ ਫਿਊਜਿਟਿਵ ਸਕੁਐਡ ਅਤੇ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਯੂਨਿਟ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਲਿਸ ਭਾਈਵਾਲਾਂ ਨਾਲ ਮਿਲ ਕੇ ਇਸ ਦੋਸ਼ੀ ਨੂੰ ਵਾਪਸ ਕੈਨੇਡਾ ਲਿਆਉਣ ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਮੁਕੰਮਲ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ 19 ਦਸੰਬਰ 2025 ਨੂੰ ਰਾਤ ਲਗਭਗ 10:41 ਵਜੇ ਸਟ੍ਰੈਕਨ ਐਵੇਨਿਊ ਅਤੇ ਵੈਲਿੰਗਟਨ ਸਟਰੀਟ ਵੈਸਟ ਇਲਾਕੇ ਵਿੱਚੋਂ ਇੱਕ ਲਾਪਤਾ ਵਿਅਕਤੀ ਬਾਰੇ ਫੋਨ ਆਇਆ ਸੀ। ਅਗਲੇ ਦਿਨ 20 ਦਸੰਬਰ ਦੀ ਸਵੇਰ ਕਰੀਬ 6:30 ਵਜੇ ਪੁਲਿਸ ਅਧਿਕਾਰੀਆਂ ਨੂੰ ਉਸ ਲਾਪਤਾ ਔਰਤ ਦੀ ਲਾਸ਼ ਇੱਕ ਰਿਹਾਇਸ਼ੀ ਇਮਾਰਤ ਦੇ ਅੰਦਰੋਂ ਬਰਾਮਦ ਹੋਈ ਸੀ। ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਮੌਤ ਨੂੰ ਕਤਲ ਕਰਾਰ ਦਿੱਤਾ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਪੀੜਤ ਅਤੇ ਸ਼ੱਕੀ ਵਿਅਕਤੀ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਵਜੋਂ ਅਬਦੁਲ ਗਫੂਰੀ ਦੀ ਪਛਾਣ ਕੀਤੀ ਗਈ ਸੀ ਅਤੇ ਉਸ ਖਿਲਾਫ਼ ਫਸਟ ਡਿਗਰੀ ਮਰਡਰ ਦਾ ਕੈਨੇਡਾ-ਵਿਆਪੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਇਸ ਦਰਦਨਾਕ ਘਟਨਾ ਉੱਤੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਪਿਛਲੇ ਸਾਲ ਸੋਸ਼ਲ ਮੀਡੀਆ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਟੋਰਾਂਟੋ ਵਿੱਚ ਇੱਕ ਨੌਜਵਾਨ ਭਾਰਤੀ ਨਾਗਰਿਕ ਹਿਮਾਂਸ਼ੀ ਖੁਰਾਣਾ ਦੇ ਕਤਲ ਦੀ ਖ਼ਬਰ ਸੁਣ ਕੇ ਉਹ ਬਹੁਤ ਸਦਮੇ ਵਿੱਚ ਹਨ। ਕੌਂਸਲੇਟ ਵੱਲੋਂ ਪੀੜਤ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਉਹ ਸਥਾਨਕ ਪ੍ਰਸ਼ਾਸਨ ਨਾਲ ਵੀ ਲਗਾਤਾਰ ਸੰਪਰਕ ਵਿੱਚ ਸਨ। This report was written by Ekjot Singh as part of the Local Journalism Initiative.
ਹਿਮਾਂਸ਼ੀ ਖੁਰਾਣਾ ਕਤਲ ਮਾਮਲੇ ਵਿੱਚ ਟੋਰਾਂਟੋ ਪੁਲਿਸ ਨੇ ਫਰਾਰ ਸ਼ੱਕੀ ਨੂੰ ਕੀਤਾ ਕਾਬੂ

