12.6 C
Vancouver
Tuesday, October 6, 2026

ਸਮਰਲੈਂਡ ਦੀ ਜੰਗਲੀ ਅੱਗ ਸਬੰਧੀ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਝੂਠੀਆਂ ਖ਼ਬਰਾਂ ਤੋਂ ਸੁਚੇਤ ਰਹਿਣ ਦੀ ਪੁਲਿਸ ਵੱਲੋਂ ਅਪੀਲ

ਵੈਨਕੂਵਰ (ਏਕਜੋਤ ਸਿੰਘ): ਪੈਂਟਿਕਟਨ ਸਾਊਥ ਓਕਾਨਾਗਨ ਸਿਮਿਲਕਾਮੀਨ ਰੀਜਨਲ ਆਰ.ਸੀ.ਐਮ.ਪੀ. ਡਿਟੈਚਮੈਂਟ ਸਮਰਲੈਂਡ ਬੋਲਡ ਰੇਂਜ ਖੇਤਰ ਵਿੱਚ ਲੱਗੀ ਭਿਆਨਕ ਜੰਗਲੀ ਅੱਗ ਦਾ ਅਸਲ ਸਰੋਤ ਲੱਭਣ ਲਈ ਲੋਕਾਂ ਦੀ ਸਹਾਇਤਾ ਮੰਗ ਰਹੀ ਹੈ। 7 ਅਗਸਤ ਨੂੰ ਪੈਂਟਿਕਟਨ ਆਰ.ਸੀ.ਐਮ.ਪੀ. ਦੀ ਜਨਰਲ ਇਨਵੈਸਟੀਗੇਟਿਵ ਸਰਵਿਸਿਜ਼ ਟੀਮ ਨੇ ਸਮਰਲੈਂਡ ਇਲਾਕੇ ਵਿੱਚ ਤੇਜ਼ੀ ਨਾਲ ਫੈਲ ਰਹੀ ਅੱਗ ਦੀਆਂ ਰਿਪੋਰਟਾਂ ਉੱਤੇ ਤੁਰੰਤ ਕਾਰਵਾਈ ਕੀਤੀ ਸੀ। ਜਾਂਚਕਰਤਾ ਇਸ ਅੱਗ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ ਅਤੇ ਉਨ੍ਹਾਂ ਸਾਰੀਆਂ ਸ਼ੱਕੀ ਗਤੀਵਿਧੀਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਜਿਨ੍ਹਾਂ ਕਾਰਨ ਇਹ ਅੱਗ ਭੜਕੀ ਹੋ ਸਕਦੀ ਹੈ। ਪੁਲਿਸ ਉਨ੍ਹਾਂ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੇ ਪ੍ਰਿੰਸਟਨ-ਸਮਰਲੈਂਡ ਰੋਡ, ਬਾਥਵਿਲੇ ਰੋਡ, ਕਰੰਪ ਰੀਕ੍ਰੀਏਸ਼ਨ ਸਾਈਟ ਅਤੇ ਟਰਾਊਟ ਕਰੀਕ ਰੀਕ੍ਰੀਏਸ਼ਨ ਸਾਈਟ ਦੇ ਆਲੇ-ਦੁਆਲੇ ਕੋਈ ਸ਼ੱਕੀ ਹਰਕਤ ਦੇਖੀ ਹੋਵੇ।
ਪੁਲਿਸ ਸ਼ੁੱਕਰਵਾਰ 7 ਅਗਸਤ ਦੁਪਹਿਰ ਤੋਂ ਬਾਅਦ ਦੀ ਡੈਸ਼ਕੈਮ ਫੁਟੇਜ ਅਤੇ ਤਸਵੀਰਾਂ ਦੀ ਸਮੀਖਿਆ ਕਰ ਰਹੀ ਹੈ। ਅਧਿਕਾਰੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਉਨ੍ਹਾਂ ਵੀਡੀਓਜ਼ ਤੋਂ ਵੀ ਜਾਣੂ ਹਨ ਜਿਨ੍ਹਾਂ ਵਿੱਚ ਇੱਕ ਵਿਅਕਤੀ ਨੂੰ ਜੰਗਲੀ ਜੀਵਾਂ ਨੂੰ ਭਜਾਉਣ ਵਾਲਾ ਉਪਕਰਣ ਚਲਾਉਂਦੇ ਹੋਏ ਦਿਖਾਇਆ ਗਿਆ ਹੈ। ਪੁਲਿਸ ਨੇ ਉਸ ਵਿਅਕਤੀ ਦੀ ਪਛਾਣ ਕਰ ਲਈ ਹੈ ਅਤੇ ਉਸਨੂੰ ਸਿਰਫ਼ ਇੱਕ ਗਵਾਹ ਮੰਨਿਆ ਜਾ ਰਿਹਾ ਹੈ ਨਾ ਕਿ ਕੋਈ ਸ਼ੱਕੀ, ਕਿਉਂਕਿ ਇਹ ਘਟਨਾ ਅੱਗ ਲੱਗਣ ਵਾਲੀ ਥਾਂ ਤੋਂ ਕਈ ਕਿਲੋਮੀਟਰ ਦੂਰ ਵਾਪਰੀ ਸੀ। ਪੁਲਿਸ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਉੱਤੇ ਝੂਠੀਆਂ ਖ਼ਬਰਾਂ ਫੈਲਾਉਣ ਤੋਂ ਗੁਰੇਜ਼ ਕਰਨ। ਸਮਰਲੈਂਡ ਜ਼ਿਲ੍ਹੇ ਲਈ ਨਿਕਾਸੀ ਦੇ ਹੁਕਮ ਅਜੇ ਵੀ ਲਾਗੂ ਹਨ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਐਤਵਾਰ 9 ਅਗਸਤ ਦੁਪਹਿਰ ਨੂੰ ਪੁਲਿਸ ਨੇ ਖਾਲੀ ਕਰਵਾਏ ਗਏ ਇਲਾਕੇ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪੁਲਿਸ ਨੇ ਅਪੀਲ ਕੀਤੀ ਹੈ ਕਿ ਕੋਈ ਵੀ ਜਾਣਕਾਰੀ ਹੋਣ ਦੀ ਸੂਰਤ ਵਿੱਚ ਤੁਰੰਤ ਉਨ੍ਹਾਂ ਦੇ ਵਿਭਾਗ ਨਾਲ ਸੰਪਰਕ ਕੀਤਾ ਜਾਵੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ