ਅੰਗਰੇਜ ਸਿੰਘ ਵਿਰਦੀ
ਸੰਪਰਕ: 94646-28857
ਮੇਰਾ ਸ਼ਹਿਰ ਅੰਮ੍ਰਿਤਸਰ ਤੋਂ ਵਾਹਗਾ ਅਟਾਰੀ ਸਰਹੱਦ ਦੀ ਦੂਰੀ ਮਹਿਜ਼ 28 ਕਿਲੋਮੀਟਰ ਹੈ। ਇੱਕ ਦਿਨ ਦੀ ਗੱਲ ਹੈ ਸਵੇਰੇ ਉਠਦਿਆਂ ਹੀ ਮੇਰੇ ਜ਼ਿਹਨ ਵਿੱਚ ਰਾਤ ਨੂੰ ਵੇਖਿਆ ਸੁਫ਼ਨਾ ਘੁੰਮਣ ਲੱਗਾ। ਇਹ ਸੁਫ਼ਨਾ ਮੈਂ ਕਈ ਵਾਰ ਪਹਿਲਾਂ ਵੀ ਵੇਖ ਚੁੱਕਾ ਸੀ। ਪਤਾ ਨਹੀਂ ਇਹ ਸੁਫ਼ਨਾ ਮੈਨੂੰ ਵਾਰ ਵਾਰ ਕਿਉਂ ਆਉਂਦਾ ਹੈ? ਸ਼ਾਇਦ ਇਹ ਮੈਨੂੰ ਅਹਿਸਾਸ ਕਰਵਾਉਂਦਾ ਹੈ ਜਿਵੇਂ ਸਰਹੱਦ ਪਾਰ ਮੇਰਾ ਕੁਝ ਆਪਣਾ ਹੈ। ਖੁੱਲ੍ਹੀਆਂ ਫ਼ਿਜ਼ਾਵਾਂ ਵਿੱਚ ਮਸਤ ਮੌਲਾ ਇੱਕ ਸਾਧਾਰਨ, ਪਰ ਖ਼ੂਬਸੂਰਤ ਅੱਖਾਂ ਵਾਲਾ ਗੱਭਰੂ ਵਿਚਰਦਾ ਹੈ, ਜਿਸ ਅੰਦਰ ਜ਼ਿੰਦਗੀ ਜਿਊਣ ਦਾ ਵਲਵਲਾ ਤੇ ਮਸਤੀ ਹੈ। ਸੁਫ਼ਨੇ ਵਿੱਚ ਮੈਂ ਉਸ ਦੇ ਨਾਲ ਨਾਲ ਉਸ ਦਾ ਪਰਛਾਵਾਂ ਬਣ ਕੇ ਤੁਰਦਾ ਹਾਂ। ਉਸ ਨੂੰ ਖ਼ੁਸ਼ੀ ਵਿੱਚ ਝੂਮਦਾ, ਨੱਚਦਾ ਤੇ ਗੀਤ ਗਾਉਂਦਾ ਵੇਖ ਕੇ ਮੇਰੇ ਮਨ ਨੂੰ ਅਥਾਹ ਖ਼ੁਸ਼ੀ ਹੁੰਦੀ।
ਮੈਨੂੰ ਹੁਣ ਉਸ ਦਾ ਚਿਹਰਾ ਵੀ ਆਪਣੇ ਵਰਗਾ ਹੀ ਲੱਗਣ ਲੱਗਿਆ ਹੈ। ਇੱਕ ਦਿਨ ਸੁਫ਼ਨੇ ਵਿੱਚ ਉਹ ਨੌਜਵਾਨ ਲਾਹੌਰ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ ਤੇ ਵੀ ਮੈਂ ਉਸ ਦੇ ਨਾਲ ਨਾਲ ਤੁਰਿਆ ਜਾ ਰਿਹਾ ਸਾਂ। ਇਹ ਉਹੋ ਗਲੀਆਂ ਹਨ, ਜਿੱਥੇ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਘੋੜਿਆਂ ਦੀਆਂ ਟਾਪਾਂ ਸੁਣਾਈ ਦਿੰਦੀਆਂ ਸਨ। ਉਹ ਨੌਜਵਾਨ ਹੌਲੀ ਹੌਲੀ ਸ਼ਾਂਤ ਗਲੀ ਵਿਚਦੀ ਲੰਘਦਾ ਹੋਇਆ ਗਲੀਆਂ ਨੂੰ ਨਿਹਾਰਦਾ ਜਾ ਰਿਹਾ ਹੈ। ਮੇਰੇ ਲਈ ਉਸ ਨੌਜਵਾਨ ਨਾਲ ਗੁਜ਼ਾਰੇ ਉਹ ਪਲ ਇੰਨੇ ਖੁਸ਼ਗਵਾਰ ਸਨ, ਜੋ ਮੈਂ ਆਪਣੀ ਹਕੀਕੀ ਜ਼ਿੰਦਗੀ ਵਿੱਚ ਕਦੇ ਨਹੀਂ ਮਾਣੇ। ਸੁਫ਼ਨੇ ਵਿੱਚ ਦਿਸਦਾ ਇਹ ਸੰਸਾਰ ਇੱਕ ਵੱਖਰੀ ਹੀ ਦੁਨੀਆ ਦਾ ਜਾਪਦਾ ਹੈ, ਜੋ ਲੰਮੇ ਸਮੇਂ ਤੋਂ ਮੇਰੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਹੈ। ਸੁਫ਼ਨੇ ਵਿਚਲਾ ਸਮਾਂ ਵੰਡ ਤੋਂ ਪਹਿਲਾਂ ਦਾ ਜਾਪਦਾ ਹੈ। ਕਈ ਵਾਰ ਉਸ ਨੌਜਵਾਨ ਨਾਲ ਇੱਕ ਮੁਟਿਆਰ ਵੀ ਦਿਖਾਈ ਦਿੰਦੀ ਹੈ, ਜੋ ਉਸ ਦੀ ਜੀਵਨ ਸਾਥਣ ਜਾਪਦੀ ਹੈ। ਇੱਕ ਰਾਤ ਸੁਫ਼ਨੇ ਦਾ ਮੰਜ਼ਰ ਬਿਲਕੁਲ ਵੱਖਰਾ ਸੀ। ਉਸ ਰਾਤ ਨੌਜਵਾਨ ਖ਼ੁਸ਼ੀ ਵਿੱਚ ਝੂਮ ਨਹੀਂ ਸੀ ਰਿਹਾ ਤੇ ਨਾ ਹੀ ਲਾਹੌਰ ਦੀਆਂ ਗਲੀਆਂ ਵਿੱਚ ਗੀਤ ਗਾਉਂਦਾ ਮਸਤ ਚਾਲ ਤੁਰ ਰਿਹਾ ਸੀ। ਉਸ ਰਾਤ ਮੇਰੇ ਉਸ ਹੁਸੀਨ ਮਿੱਤਰ ਨੂੰ ਕਾਲੀਆਂ ਪੁਸ਼ਾਕਾਂ ਤੇ ਸੁਰਖ਼ ਅੱਖਾਂ ਵਾਲੇ ਕੁਝ ਲੋਕਾਂ ਨੇ ਘੇਰਿਆ ਹੋਇਆ ਸੀ। ਗਲੀ ਉਹੀ ਸੀ, ਪਰ ਉਸ ਰਾਤ ਉਸ ਦਾ ਮੰਜ਼ਰ ਕੁਝ ਵੱਖਰਾ ਸੀ। ਉਸ ਨੂੰ ਘੇਰਨ ਵਾਲਿਆਂ ਨੇ ਲਿਸ਼ਕਦੀਆਂ ਤਲਵਾਰਾਂ, ਨੇਜ਼ੇ, ਬਰਛੇ ਤੇ ਬੰਦੂਕਾਂ ਫੜੀਆਂ ਹੋਈਆਂ ਸਨ। ਨੌਜਵਾਨ ਉਨ੍ਹਾਂ ਅੱਗੇ ਜਾਨ ਬਖ਼ਸ਼ ਦੇਣ ਦੀ ਅਰਜ਼ੋਈ ਕਰ ਰਿਹਾ ਸੀ, ਪਰ ਇੱਕ ਬੇਰਹਿਮ ਨੇ ਤਲਵਾਰ ਦੇ ਇੱਕ ਹੀ ਵਾਰ ਨਾਲ ਉਸ ਦੀ ਧੌਣ ਧੜ ਨਾਲੋਂ ਵੱਖ ਕਰ ਦਿੱਤੀ। ਨੌਜਵਾਨ ਦੀ ਰੂਹ ਸਰੀਰ ਵਿੱਚੋਂ ਬਾਹਰ ਆ ਕੇ ਖ਼ੁਦ ਨੂੰ ਵੇਖਦੀ ਹੈ, ਰੋਂਦੀ ਹੈ, ਅੱਥਰੂ ਕੇਰਦੀ ਹੈ। ਮੈਂ ਉਸ ਨੂੰ ਵੇਖ ਕੇ ਉੱਚੀ ਉੱਚੀ ਰੋਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੇਰੀ ਆਵਾਜ਼ ਨਹੀਂ ਸੀ ਨਿਕਲ ਰਹੀ।
ਜਦੋਂ ਮੈਂ ਉੱਠਿਆ ਤਾਂ ਖ਼ੁਦ ਸਾਹੋ-ਸਾਹੀ ਸਾਂ। ਮੈਨੂੰ ਠੰਢੀਆਂ ਤਰੇਲੀਆਂ ਆ ਗਈਆਂ ਸਨ। ਅਗਲੇ ਕਈ ਦਿਨ ਮੈਂ ਉਸ ਸੁਫ਼ਨੇ ਬਾਰੇ ਸੋਚਦਾ ਰਿਹਾ। ਆਖ਼ਰ ਉਸ ਸੁਫ਼ਨੇ ਦਾ ਮੇਰੇ ਨਾਲ ਕੀ ਸਬੰਧ ਹੈ? ਕਦੇ ਕਦੇ ਮੈਨੂੰ ਉਹ ਨੌਜਵਾਨ ਮੇਰੀ ਆਪਣੀ ਸ਼ਖ਼ਸੀਅਤ ਨਾਲ ਰਲ਼ਦਾ ਲੱਗਦਾ ਹੈ। ਉਸ ਨਾਲ ਮੇਰੀ ਇੱਕ ਵੱਖਰੀ ਹੀ ਸਾਂਝ ਪੈ ਗਈ। ਉਹ ਨੌਜਵਾਨ, ਭਾਵੇਂ ਸੁਫ਼ਨੇ ਵਿੱਚ ਹੀ ਸਹੀ, ਮੈਨੂੰ ਉਨ੍ਹਾਂ ਥਾਵਾਂ ’ਤੇ ਲੈ ਗਿਆ ਜਿੱਥੇ ਮੇਰੇ ਮਨ ਨੂੰ ਖ਼ੁਸ਼ੀ ਮਿਲੀ। ਉਸ ਧਰਤੀ ’ਤੇ ਜਾ ਕੇ ਕੌਣ ਖ਼ੁਸ਼ ਨਹੀਂ ਹੋਵੇਗਾ, ਜਿੱਥੇ ਕਦੇ ਸਾਡੇ ਪੁਰਖੇ ਵੱਸਦੇ ਸਨ। ਉਹ ਸੋਹਣੀ ਧਰਤੀ ਅੱਜ ਸਰਹੱਦ ਦੇ ਉਸ ਪਾਰ ਹੈ, ਜੋ 1947 ਦੀ ਵੰਡ ਦੌਰਾਨ ਬਣਾ ਦਿੱਤੀ ਗਈ ਸੀ। ਮੇਰੇ ਸੁਫ਼ਨੇ ਦੇ ਉਸ ਨੌਜਵਾਨ ਵਾਂਗ ਵੰਡ ਵਿੱਚ ਲੱਖਾਂ ਬੇਦੋਸ਼ਿਆਂ ਦੀਆਂ ਜਾਨਾਂ ਗਈਆਂ। ਜਦੋਂ ਵੀ ਮੈਨੂੰ ਉਹ ਸੁਫ਼ਨਾ ਆਉਂਦਾ ਹੈ ਤਾਂ ਮੇਰਾ ਮਨ ਬੇਚੈਨ ਹੋ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਉਸ ਨੌਜਵਾਨ ਦੀ ਰੂਹ ਨੂੰ ਆਪਣੇ ਅੰਦਰ ਸਮੋਈ ਬੈਠਾ ਹਾਂ। ਉਹ ਮੈਨੂੰ ਮੇਰੇ ਵਿਛੜੇ ਪੰਜਾਬ ਦੀ ਧਰਤੀ ਨਾਲ ਜੋੜਦਾ ਹੈ।
ਵਾਹਗੇ ਦੀ ਲਕੀਰ ਤੋਂ ਪਾਰ ਦਾ ਸੁਫ਼ਨਾ

