ਵੈਨਕੂਵਰ (ਏਕਜੋਤ ਸਿੰਘ): ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਦੇਸ਼ ਨੇ ਰੂਸ ਨਾਲ ਜਾਰੀ ਯੁੱਧ ਨੂੰ ਖਤਮ ਕਰਨ ਲਈ ਅਮਰੀਕੀ ਵਾਰਤਾਕਾਰਾਂ ਨੂੰ ਇੱਕ ਨਵਾਂ ਪ੍ਰਸਤਾਵ ਸੌਂਪਿਆ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਰੂਸ ਅਗਲੇ ਮਹੀਨੇ ਹੋਣ ਵਾਲੀਆਂ ਸੰਸਦੀ ਚੋਣਾਂ ਨੂੰ ਬਹਾਨਾ ਬਣਾ ਕੇ ਨਵੀਂ ਫੌਜੀ ਲਾਮਬੰਦੀ ਦਾ ਐਲਾਨ ਕਰ ਸਕਦਾ ਹੈ। ਈਰਾਨ ਸੰਕਟ ਸ਼ੁਰੂ ਹੋਣ ਤੋਂ ਬਾਅਦ ਸ਼ਾਂਤੀ ਵਾਰਤਾ ਲਗਭਗ ਰੁਕੀ ਹੋਈ ਸੀ ਪਰ ਹੁਣ ਅਮਰੀਕੀ ਵਾਰਤਾਕਾਰਾਂ ਦੇ ਜਲਦ ਹੀ ਰੂਸ ਅਤੇ ਯੂਕਰੇਨ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਜ਼ੈਲੈਂਸਕੀ ਨੇ ਆਪਣੇ ਰਾਤ ਦੇ ਵੀਡੀਓ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣਾ ਪੱਖ ਅਮਰੀਕਾ ਸਾਹਮਣੇ ਰੱਖ ਦਿੱਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਮਰੀਕਾ ਹਵਾਈ ਰੱਖਿਆ ਪ੍ਰਣਾਲੀ ਰਾਹੀਂ ਉਨ੍ਹਾਂ ਦੀ ਮਦਦ ਕਰੇਗਾ ਅਤੇ ਰੂਸ ਉੱਤੇ ਯੁੱਧ ਖਤਮ ਕਰਨ ਲਈ ਦਬਾਅ ਬਣਾਏਗਾ।
ਹਾਲਾਂਕਿ ਜ਼ੈਲੈਂਸਕੀ ਨੇ ਇਸ ਸ਼ਾਂਤੀ ਪ੍ਰਸਤਾਵ ਦੇ ਵੇਰਵੇ ਸਾਂਝੇ ਨਹੀਂ ਕੀਤੇ ਹਨ। ਅਮਰੀਕੀ ਵਾਰਤਾਕਾਰ ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਪਿਛਲੇ ਜਨਵਰੀ ਵਿੱਚ ਮਾਸਕੋ ਗਏ ਸਨ ਪਰ ਅਜੇ ਤੱਕ ਉਨ੍ਹਾਂ ਨੇ ਕੀਵ ਦਾ ਦੌਰਾ ਨਹੀਂ ਕੀਤਾ ਹੈ। ਕਰੀਬ 4.5 ਸਾਲਾਂ ਤੋਂ ਚੱਲ ਰਹੇ ਇਸ ਯੁੱਧ ਨੂੰ ਰੋਕਣ ਲਈ ਯੂਕਰੇਨ ਲਗਾਤਾਰ ਜੰਗਬੰਦੀ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਰੂਸ ਦਾ ਕਹਿਣਾ ਹੈ ਕਿ ਕਿਸੇ ਵੀ ਸਮਝੌਤੇ ਲਈ ਯੂਕਰੇਨ ਨੂੰ ਉਨ੍ਹਾਂ 4 ਖੇਤਰਾਂ ਉੱਤੋਂ ਆਪਣਾ ਦਾਅਵਾ ਛੱਡਣਾ ਪਵੇਗਾ ਜਿਨ੍ਹਾਂ ਉੱਤੇ ਮਾਸਕੋ ਦਾ ਕਬਜ਼ਾ ਹੈ। ਜ਼ੈਲੈਂਸਕੀ ਨੇ ਰੂਸ ਉੱਤੇ ਦੋਸ਼ ਲਾਇਆ ਕਿ ਉਸਨੇ ਜ਼ਾਪੋਰੀਜ਼ੀਆ ਸ਼ਹਿਰ ਉੱਤੇ ਹਮਲੇ ਲਈ ਉੱਤਰੀ ਕੋਰੀਆ ਤੋਂ ਮਿਲੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਇੱਕ ਸਟੀਲ ਪਲਾਂਟ ਦੇ 7 ਮਜ਼ਦੂਰ ਮਾਰੇ ਗਏ ਅਤੇ 21 ਜ਼ਖਮੀ ਹੋਏ। ਡਨੀਪ੍ਰੋਪੈਟਰੋਵਸਕ ਖੇਤਰ ਵਿੱਚ ਵੀ ਰੂਸੀ ਡਰੋਨ ਹਮਲਿਆਂ ਵਿੱਚ ਇੱਕ 15 ਸਾਲਾ ਲੜਕੇ ਸਮੇਤ 3 ਹੋਰ ਵਿਅਕਤੀ ਮਾਰੇ ਗਏ ਹਨ। ਯੂਕਰੇਨ ਦਾ ਦਾਅਵਾ ਹੈ ਕਿ ਰੂਸ ਆਪਣੀ ਮਿਜ਼ਾਈਲ ਪੈਦਾਵਾਰ ਵਧਾ ਰਿਹਾ ਹੈ ਤਾਂ ਜੋ ਯੂਕਰੇਨ ਕੋਲ ਪੈਟ੍ਰੀਅਟ ਏਅਰ ਡਿਫੈਂਸ ਸਿਸਟਮ ਦੀ ਘਾਟ ਦਾ ਫਾਇਦਾ ਉਠਾਇਆ ਜਾ ਸਕੇ। ਮਾਸਕੋ 1250 ਕਿਲੋਮੀਟਰ ਲੰਬੀ ਫਰੰਟ ਲਾਈਨ ਉੱਤੇ ਨਵੇਂ ਹਮਲੇ ਲਈ ਹੋਰ ਫੌਜੀਆਂ ਦੀ ਭਰਤੀ ਕਰ ਰਿਹਾ ਹੈ। ਜ਼ੈਲੈਂਸਕੀ ਅਨੁਸਾਰ ਰੂਸ ਦਾ ਹਰ ਕਦਮ ਇਹ ਦਰਸਾਉਂਦਾ ਹੈ ਕਿ ਉਹ ਸ਼ਾਂਤੀ ਲਈ ਨਹੀਂ ਸਗੋਂ ਤਣਾਅ ਵਧਾਉਣ ਲਈ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਫੀਆ ਰਿਪੋਰਟਾਂ ਮੁਤਾਬਕ ਰੂਸ ਪਤਝੜ ਰੁੱਤ ਵਿੱਚ ਫਰਜ਼ੀ ਚੋਣਾਂ ਦਾ ਦਿਖਾਵਾ ਕਰਨ ਤੋਂ ਤੁਰੰਤ ਬਾਅਦ ਲੱਖਾਂ ਨਵੇਂ ਫੌਜੀਆਂ ਨੂੰ ਲਾਮਬੰਦ ਕਰੇਗਾ ਤਾਂ ਜੋ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਰੂਸੀ ਲੋਕ ਇਸ ਯੁੱਧ ਦਾ ਸਮਰਥਨ ਕਰਦੇ ਹਨ। This report was written by Ekjot Singh as part of the Local Journalism Initiative.
ਰੂਸ ਵੱਲੋਂ ਸੰਸਦੀ ਚੋਣਾਂ ਦੀ ਆੜ ਹੇਠ ਨਵੀਂ ਫੌਜੀ ਲਾਮਬੰਦੀ ਕਰਨ ਦਾ ਖਦਸ਼ਾ: ਜ਼ੈਲੈਂਸਕੀ

