ਪ੍ਰਿੰ.ਹਰੀ ਕ੍ਰਿਸ਼ਨ ਮਾਇਰ
ਮੋਬਾਈਲ- 9780667686
ਆਲ ਇੰਡੀਆ ਮੈਡੀਕਲ ਇੰਸਟੀਚਿਊਟ ਨਵੀਂ ਦਿੱਲੀ (ਏਮਜ) ਦੀ ਇੱਕ ਖੋਜ ਰਿਪੋਰਟ ਤੋਂ ਛੋਟੇ ਬੱਚਿਆਂ ਤੇ ਮੋਬਾਈਲ ਦੇ ਸੰਦਰਭ ਵਿੱਚ ਜਾਣਕਾਰੀ ਸਾਮ੍ਹਣੇ ਆਈ ਹੈ ਕਿ ਇੱਕ ਸਾਲ ਤੋਂ ਘੱਟ ਆਯੂ ਵਾਲੇ ਬੱਚੇ ਜੇ ਮੋਬਾਈਲ ਜਾਂ ਟੈਲੀਵੀਜ਼ਨ ਦੇ ਸਕਰੀਨ ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਤਾਂ ਉਨ੍ਹਾਂ ਵਿੱਚ ਤਿੰਨ ਸਾਲ ਦੀ ਉਮਰ ਵਿੱਚ ਆਟਿਜਮ ਸਪੈਕਟ੍ਰਮ ਡਿਸਆਰਡਰ ( autism spectrum disorder) ਦੇ ਲੱਛਣ ਵਿਕਸਤ ਹੋਣ ਦਾ ਵੱਧ ਖ਼ਤਰਾ ਹੁੰਦਾ ਹੈ। ਉਕਤ ਸੰਸਥਾ ਵੱਲੋਂ,ਇਹ ਅਧਿਐਨ ਬੀਤੇ ਸਮੇਂ ਦੋ ਹਜ਼ਾਰ ਤੋਂ ਵੱਧ ਬੱਚਿਆਂ ਉਪਰ ਕੀਤਾ ਗਿਆ ਸੀ।ਇਹ ਵਿਚਾਰ ਚਰਚਾ ਹੋਣੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਮੋਬਾਈਲ ਜਾਂ ਸਕਰੀਨ ਦੇਖਣਾ ਕਿਸ ਹੱਦ ਤੱਕ ਛੋਟੇ ਬੱਚਿਆਂ ਲਈ ਨਵੀਆਂ ਦਿੱਕਤਾਂ ਖੜੀਆਂ ਕਰ ਸਕਦਾ ਹੈ ?
ਵਿਸ਼ਵ ਪੱਧਰ ਤੇ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਚਿਤਾਵਨੀ ਦਿੰਦੀ ਹੈ ਕਿ ਅੱਜ ਦੁਨੀਆਂ ਦੇ ਹਰ 100 ਬੱਚਿਆਂ ਵਿੱਚੋਂ 1 ਬੱਚਾ ਆਟਿਜਮ ਤੋਂ ਪੀੜਤ ਹੈ।ਸਕਰੀਨ ਤੇ ਵੱਧ ਸਮਾਂ ਬਿਤਾਉਣ ਵਾਲੇ ਬੱਚੇ, ਆਪਣੇ ਦੋਸਤਾਂ ਤੇਂ ਅਕਸਰ ਦੂਰੀ ਬਣਾਈ ਰੱਖਦੇ ਹਨ।
ਆਟਿਜਮ ਕੀ ਹੈ ?
ਆਟਿਜਮ ਇੱਕ ਨਿਓਰੋ ਡਿਵੈਲਪਮੈਂਟ ਸਥਿਤੀ ਹੈ, ਜੋ ਦਿਮਾਗ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ।ਜਿਸ ਨਾਲ ਰੋਗ ਤੋਂ ਪੀੜਤ ਇਨਸਾਨ ਦੇ ਆਮ ਲੋਕਾਂ ਨਾਲ ਬੋਲਚਾਲ, ਵਰਤ ਵਰਤਾਓ ਅਤੇ ਸਿੱਖਣ ਦੇ ਤੌਰ ਤਰੀਕੇ ਵਿੱਚ ਕਮੀ ਰਹਿ ਜਾਂਦੀ ਹੈ।ਮਾਵਾਂ ਧਿਆਨ ਦੇਣ ਕਿ ਬੱਚੇ ਦੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲ ਦਿਮਾਗੀ ਵਿਕਾਸ ਅਤੇ ਆਟਿਜਮ ਦੀ ਸ਼ੁਰੂਆਤੀ ਪਛਾਣ ਲਈ ਸਭ ਤੋਂ ਹੁੰਦੇ ਹਨ।
ਸਾਡੇ ਮੁਲਕ ਵਿੱਚ
ਇੱਕ ਖੋਜ ਅਧਿਐਨ ਮੁਤਾਬਕ: ਮੋਬਾਈਲ ਦੀ ਵੱਧ ਵਰਤੋਂ ਕਰਨ ਵਾਲੇ ਅੱਸੀ ਪ੍ਰਤੀਸ਼ਤ ਬੱਚੇ ਤਕਰੀਬਨ ਰੋਗੀਆਂ ਜਿਹੇ ਪਾਏ ਗਏ। ਇਨ੍ਹਾ ਬੱਚਿਆਂ ਵਿੱਚ ਆਟਿਜਮ, ਡਿਪਰੈਸ਼ਨ ਦੇ ਲੱਛਣ ਵੀ ਦੇਖੇ ਗਏ।ਜਿਨ੍ਹਾਂ ਬੱਚਿਆਂ ਦਾ ਸਕਰੀਨ ਟਾਈਮ ਵੱਧ ਸੀ, ਉਹ ਆਮ ਬੱਚਿਆਂ ਨਾਲੋਂ ਪਹਿਲਾਂ ਹੀ ਮੋਬਾਈਲ ਉੱਤੇ ਜ਼ਿਆਦਾ ਨਿਰਭਰ ਹੋ ਗਏ ਸਨ।ਬੱਚਿਆਂ ਵਿੱਚ ਮਿਰਗੀ, ਉਣੀਂਦੇ ਨਾਲ ਜੁੜੀਆਂ ਸਮੱਸਿਆਵਾਂ, ਧਿਆਨ ਲਗਾਉਣ ਵਿੱਚ ਇਕਾਗਰਤਾ ਦੀ ਕਮੀ, ਗੱਲਬਾਤ ਵਿੱਚ ਚਿੜਚਿੜਾਪਣ ਜਿਹੇ ਵਿਕਾਰ ਦੇਖੇ ਗਏ ਹਨ।
ਡਿਜੀਟਲ ਐਡਿਕਸ਼ਨ ਵੀ ਇੱਕ ਨਸ਼ਾ
ਉਪਰੋਕਤ ਰਿਪੋਰਟ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਡਿਜੀਟਲ ਚਸਕਾ ਵੀ ਤਕਰੀਬਨ ਨਸ਼ੀਲੀਆਂ ਦਵਾਈਆਂ ਦੇ ਸੇਵਨ ਕਰਨ ਵਾਂਗ ਹੀ ਹੁੰਦਾ ਹੈ।ਅਜਿਹੇ ਵੀ ਮਾਮਲੇ ਸਾਹਮਣੇ ਆਏ ਹਨ ਕਿ 9 ਸਾਲ ਦੇ ਬੱਚੇ ਕਾਰਟੂਨ ਪਾਤਰਾਂ ਦੀ ਨਕਲ ਕਰਦੇ ਦੇਖੇ ਗਏ ਹਨ।ਅਜਿਹੇ ਬੱਚੇ ਕਾਲਪਨਿਕ ਸੰਸਾਰ ਨਾਲ ਜੁੜਕੇ ਅਸਲ ਸੰਸਾਰ ਨਾਲੋਂ ਕੱਟੇ ਜਾਂਦੇ ਹਨ।ਪਿੰਡਾਂ ਵਿੱਚ ਛੋਟੇ ਬੱਚੇ ਸੁਰੱਖਿਅਤ ਸੀਮਾਂ ਤੋਂ 50% ਵੱਧ ਸਕਰੀਨ ਦੇਖਦੇ ਹਨ।ਬੱਚਿਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਵਿਗੜਦੀਆਂ ਹਨ।ਅਮਰੀਕਾ ਵਿੱਚ ਇੱਕ ਸਰਵੇਖਣ ਮੁਤਾਬਕ ਜ਼ਿਆਦਾ ਸਮਾਂ ਸਕਰੀਨ ਤੇ ਬਿਤਾਉਣ ਵਾਲੇ 43.4% ਬੱਚਿਆਂ ਨੂੰ ਮੋਟਾਪੇ ਅਤੇ 8.4 % ਬੱਚੇ ਡਾਇਬਟੀਜ਼ ਜਿਹੀਆਂ ਦਿੱਕਤਾਂ ਦਾ ਸਾਮ੍ਹਣਾ ਕੀਤਾ।
ਸੁਝਾਅ
ਮਾਪੇ ਬੱਚਿਆਂ ਨੂੰ ਇਸ ਤਰ੍ਹਾਂ ਡਿਜੀਟਲ ਆਦਤਾਂ ਤੋਂ ਦੂਰ ਰੱਖ ਸਕਦੇ ਹਨ
• ਸੌਣ ਤੋਂ ਘੱਟੋ ਘੱਟ ਇਕ ਘੰਟਾ ਪਹਿਲਾਂ ਡਿਜੀਟਲ ਉਪਕਰਨ ਬੰਦ ਕਰ ਦਿੱਤੇ ਜਾਣ।
• ਬੈੱਡ ਰੂਮ ਅਤੇ ਡਾਇਨਿੰਗ ਟੇਬਲ ਨੂੰ ਮੋਬਾਈਲ ਮੁਕਤ ਖੇਤਰ ਬਣਾਇਆ ਜਾਵੇ।
• ਤਿੰਨ ਮਹੀਨੇ ਦੇ ਬੱਚੇ ਨੂੰ 14-17 ਘੰਟੇ ਅਤੇ 4-11 ਮਹੀਨੇ ਦੇ ਬੱਚੇ ਨੂੰ 12-16 ਘੰਟੇ ਦੀ ਗੂੜ੍ਹੀ ਨੀਂਦ ਲੈਣ ਦਿਉ।
• 0-18 ਮਹੀਨੇ ਦੇ ਬੱਚੇ ਲਈ ਸਕਰੀਨ ਟਾਈਮ ਜ਼ੀਰੋ ਰੱਖੋ।
• ਬੱਚਿਆਂ ਨਾਲ ਮਿਲ ਕੇ ਖੇਡਾਂ ਖੇਡਣ, ਗੱਲਾਂ ਬਾਤਾਂ ਕਰਨ ਦੀ ਆਦਤ ਪਾਓ।
• ਬੱਚਿਆਂ ਨੂੰ ਕਹਾਣੀਆਂ ਸੁਣਾਓ।ਉਨ੍ਹਾਂ ਨਾਲ ਬੈਠ ਕੇ ਕਿਤਾਬਾਂ ਪੜ੍ਹੋ।ਚੇਤੇ ਰੱਖੋ ਕਿ ਕੋਈ ਵੀ ਐਪ ਮਾਨਵੀ ਛੂਹ ਦਾ ਬਦਲ ਨਹੀਂ ਹੋ ਸਕਦੀ।
• ਇਕੋ ਥਾਂ ਬੈਠੇ ਰਹਿਣ ਨਾਲੋਂ ਤੁਸੀਂ ਆਪਣੇ ਬੱਚੇ ਨੂੰ ਖੇਡਣ ਕੁੱਦਣ ਲਈ ਪ੍ਰੇਰਿਤ ਕਰੋ।
ਬੱਚਿਆਂ ਨੂੰ ਰੋਗੀ ਬਣਾ ਰਿਹੈ ਲਗਾਤਾਰ ਸਕਰੀਨ ਦੇਖਣਾ

