ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਨੌਕਰੀਆਂ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਨੇ ਸ਼ੁੱਕਰਵਾਰ ਨੂੰ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਉੱਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੁਲਾਈ 2026 ਦੇ ਅੰਕੜੇ ਸੂਬੇ ਦੀ ਮਜ਼ਬੂਤ ਆਰਥਿਕਤਾ ਨੂੰ ਦਰਸਾਉਂਦੇ ਹਨ ਕਿਉਂਕਿ ਇਸ ਮਹੀਨੇ ਦੌਰਾਨ 17800 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਸ ਵਾਧੇ ਨਾਲ ਸੂਬੇ ਦੀ ਬੇਰੁਜ਼ਗਾਰੀ ਦਰ ਲਗਾਤਾਰ ਦੂਜੇ ਮਹੀਨੇ ਘਟ ਕੇ 6.2 ਫ਼ੀਸਦੀ ਰਹਿ ਗਈ ਹੈ ਜੋ ਕਿ ਦੇਸ਼ ਭਰ ਵਿੱਚ ਚੌਥੀ ਸਭ ਤੋਂ ਘੱਟ ਦਰ ਹੈ। ਕਾਹਲੋਂ ਨੇ ਦੱਸਿਆ ਕਿ ਬੀ.ਸੀ. ਨੇ ਪੂਰੇ ਦੇਸ਼ ਵਿੱਚ ਫੁੱਲ ਟਾਈਮ ਰੁਜ਼ਗਾਰ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ ਅਤੇ 32500 ਨਵੀਆਂ ਪੱਕੀਆਂ ਨੌਕਰੀਆਂ ਦਿੱਤੀਆਂ ਹਨ।
ਮੈਨੂਫੈਕਚਰਿੰਗ ਖੇਤਰ ਵਿੱਚ ਵੀ ਸੂਬਾ ਮੋਹਰੀ ਰਿਹਾ ਹੈ ਜਿੱਥੇ ਜੁਲਾਈ ਵਿੱਚ 3100 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਪਿਛਲੇ ਤਿੰਨ ਮਹੀਨਿਆਂ ਦੌਰਾਨ ਸੂਬੇ ਨੇ ਲਗਭਗ 51000 ਨੌਕਰੀਆਂ ਪੈਦਾ ਕੀਤੀਆਂ ਹਨ ਜਿਨ੍ਹਾਂ ਵਿੱਚ ਸਿਹਤ ਸੰਭਾਲ, ਉਸਾਰੀ ਅਤੇ ਸਿੱਖਿਆ ਖੇਤਰ ਸ਼ਾਮਲ ਹਨ। ਖੇਤੀਬਾੜੀ ਖੇਤਰ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 43.5 ਫ਼ੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ। ਔਰਤਾਂ ਲਈ ਰੁਜ਼ਗਾਰ ਦੇ ਮੌਕਿਆਂ ਵਿੱਚ ਵੀ ਭਾਰੀ ਇਜ਼ਾਫਾ ਹੋਇਆ ਹੈ। ਜੁਲਾਈ ਵਿੱਚ ਔਰਤਾਂ ਦੇ ਫੁੱਲ ਟਾਈਮ ਰੁਜ਼ਗਾਰ ਵਿੱਚ 16200 ਨੌਕਰੀਆਂ ਦਾ ਵਾਧਾ ਹੋਇਆ ਹੈ ਜੋ ਕਿ ਕੈਨੇਡਾ ਵਿੱਚ ਦੂਜਾ ਸਭ ਤੋਂ ਉੱਚਾ ਅੰਕੜਾ ਹੈ। ਬੀ.ਸੀ. ਵਿੱਚ ਔਸਤਨ ਪ੍ਰਤੀ ਘੰਟਾ ਤਨਖਾਹ 38.71 ਡਾਲਰ ਹੈ ਜੋ ਸੂਬਿਆਂ ਵਿੱਚ ਦੂਜੇ ਨੰਬਰ ਉੱਤੇ ਹੈ।
ਸੂਬੇ ਭਰ ਵਿੱਚ ਕਈ ਪ੍ਰਮੁੱਖ ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਡੈਲਟਾ ਵਿਖੇ ਤਿਲਬਰੀ ਐਲ.ਐਨ.ਜੀ. ਸਹੂਲਤ ਦਾ ਵਿਸਥਾਰ ਸ਼ਾਮਲ ਹੈ ਜਿੱਥੇ 1100 ਨੌਕਰੀਆਂ ਮਿਲਣਗੀਆਂ। ਪ੍ਰਿੰਸ ਜਾਰਜ ਵਿੱਚ ਸਨਰਾਈਜ਼ ਐਕਸਪੈਂਸ਼ਨ ਪ੍ਰੋਗਰਾਮ ਨਾਲ 2500 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਨੌਜਵਾਨਾਂ ਨੂੰ ਵੀ ਰੁਜ਼ਗਾਰ ਦੇ ਬਿਹਤਰ ਮੌਕੇ ਮਿਲ ਰਹੇ ਹਨ ਅਤੇ ਜੁਲਾਈ ਵਿੱਚ ਉਨ੍ਹਾਂ ਲਈ 3800 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਸਰਕਾਰ ਵੱਲੋਂ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਦੇਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। This report was written by Ekjot Singh as part of the Local Journalism Initiative.
ਬ੍ਰਿਟਿਸ਼ ਕੋਲੰਬੀਆ ‘ਚ ਜੁਲਾਈ ਵਿੱਚ ਪੈਦਾ ਹੋਈਆਂ 17800 ਨਵੀਆਂ ਨੌਕਰੀਆਂ, ਬੇਰੁਜ਼ਗਾਰੀ ਦੀ ਦਰ ਘੱਟ ਕੇ 6.2 ਫ਼ੀਸਦੀ ਰਹੀ

