12.6 C
Vancouver
Tuesday, October 6, 2026

ਬੀ.ਸੀ. ਵਿੱਚ ਜੰਗਲੀ ਅੱਗਾਂ ਕਾਰਨ ਐਮਰਜੈਂਸੀ ਦਾ ਐਲਾਨ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸ਼ਨੀਵਾਰ ਨੂੰ ਸੂਬੇ ਵਿੱਚ ਜੰਗਲੀ ਅੱਗ ਕਾਰਨ ਐਮਰਜੈਂਸੀ ਲਗਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਸਾਊਥ ਓਕਾਨਾਗਨ ਤੋਂ ਬਹੁਤ ਹੀ ਚਿੰਤਾਜਨਕ ਖ਼ਬਰਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੋਲਡ ਰੇਂਜ ਦੀ ਜੰਗਲੀ ਅੱਗ ਤੇਜ਼ ਹਵਾਵਾਂ ਕਾਰਨ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਹ ਸਮਰਲੈਂਡ ਸਮੇਤ ਆਲੇ-ਦੁਆਲੇ ਦੀਆਂ ਘਾਟੀਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਇਸ ਭਿਆਨਕ ਅੱਗ ਕਾਰਨ ਘਰਾਂ ਅਤੇ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਲੋਕ ਅਚਾਨਕ ਬਦਲੇ ਹਾਲਾਤਾਂ ਕਾਰਨ ਫਸ ਗਏ ਹਨ। ਪ੍ਰੀਮੀਅਰ ਨੇ ਪ੍ਰਭਾਵਿਤ ਲੋਕਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪੂਰਾ ਸੂਬਾ ਉਨ੍ਹਾਂ ਦੇ ਨਾਲ ਖੜ੍ਹਾ ਹੈ। ਐਮਰਜੈਂਸੀ ਮੈਨੇਜਮੈਂਟ ਦੀ ਮੰਤਰੀ ਕੈਲੀ ਗ੍ਰੀਨ ਨੇ ਸੂਬਾਈ ਐਮਰਜੈਂਸੀ ਦਾ ਰਸਮੀ ਐਲਾਨ ਕਰ ਦਿੱਤਾ ਹੈ ਤਾਂ ਜੋ ਰਾਹਤ ਕਾਰਜਾਂ ਲਈ ਲੋੜੀਂਦੇ ਉਪਕਰਣ ਅਤੇ ਸਰੋਤ ਤੁਰੰਤ ਮੁਹੱਈਆ ਕਰਵਾਏ ਜਾ ਸਕਣ। ਪਿਛਲੀ ਰਾਤ ਤੋਂ ਹੀ ਬੀ.ਸੀ. ਵਾਈਲਡਫਾਇਰ ਸਰਵਿਸ, ਆਰ.ਸੀ.ਐਮ.ਪੀ. ਅਤੇ ਸਥਾਨਕ ਟੀਮਾਂ ਲੋਕਾਂ ਦੀ ਜਾਨ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਡੇਵਿਡ ਈਬੀ ਨੇ ਇਨ੍ਹਾਂ ਬਚਾਅ ਕਰਮਚਾਰੀਆਂ ਦੀ ਬਹਾਦਰੀ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀ ਪਹਿਲੀ ਤਰਜੀਹ ਲੋਕਾਂ ਦੀਆਂ ਜਾਨਾਂ ਬਚਾਉਣਾ ਹੈ ਜਿਸ ਲਈ ਹਵਾਈ ਰਸਤੇ ਰਾਹੀਂ ਵੀ ਨਿਕਾਸੀ ਕੀਤੀ ਜਾ ਰਹੀ ਹੈ। ਪ੍ਰੀਮੀਅਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਨਿਕਾਸੀ ਦੇ ਹੁਕਮ ਜਾਰੀ ਹੋਏ ਹਨ ਤਾਂ ਉਹ ਤੁਰੰਤ ਉਸ ਥਾਂ ਨੂੰ ਖਾਲੀ ਕਰ ਦੇਣ ਕਿਉਂਕਿ ਅੱਗ ਦੇ ਹਾਲਾਤ ਹਰ ਮਿੰਟ ਬਦਲ ਰਹੇ ਹਨ। ਸਰਕਾਰ ਵੱਲੋਂ ਬੇਘਰ ਹੋਏ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਵੀ ਪਹਿਲ ਦੇ ਆਧਾਰ ਉੱਤੇ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨ ਹੋਰ ਵੀ ਮੁਸ਼ਕਲ ਹੋ ਸਕਦੇ ਹਨ ਪਰ ਸਰਕਾਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਇਸ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ