ਵੈਨਕੂਵਰ (ਏਕਜੋਤ ਸਿੰਘ): ਬਾਲਡ ਰੇਂਜ ਇਲਾਕੇ ਵਿੱਚ ਲੱਗੀ ਜੰਗਲੀ ਅੱਗ ਕਾਰਨ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਸੈਂਟਰਲ ਓਕਾਨਾਗਨ ਐਮਰਜੈਂਸੀ ਮੈਨੇਜਮੈਂਟ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਲਾਕੇ ਵਿੱਚ ਨਿਕਾਸੀ ਦੇ ਹੁਕਮ ਅਤੇ ਅਲਰਟ ਲਗਾਤਾਰ ਜਾਰੀ ਰਹਿਣਗੇ। ਇਹ ਭਿਆਨਕ ਅੱਗ ਫਿਲਹਾਲ 18,450 ਹੈਕਟੇਅਰ ਰਕਬੇ ਵਿੱਚ ਫੈਲ ਚੁੱਕੀ ਹੈ ਅਤੇ ਸੈਂਟਰਲ ਓਕਾਨਾਗਨ ਤੇ ਪੀਚਲੈਂਡ ਦੀਆਂ ਸਰਹੱਦਾਂ ਵੱਲ ਲਗਾਤਾਰ ਵਧ ਰਹੀ ਹੈ। ਪ੍ਰਸ਼ਾਸਨ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਮਰਜੈਂਸੀ ਵਿਭਾਗ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਕਿਸੇ ਵੀ ਵੇਲੇ ਘਰ ਛੱਡਣ ਲਈ ਮਾਨਸਿਕ ਤੌਰ ਉੱਤੇ ਤਿਆਰ ਰਹਿਣ, ਕਿਉਂਕਿ ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ। ਅੱਗ ਦੇ ਖਤਰੇ ਨੂੰ ਦੇਖਦਿਆਂ ਪੈਂਟਿਕਟਨ ਅਤੇ ਪੀਚਲੈਂਡ ਦੇ ਵਿਚਕਾਰ ਪੈਂਦੇ ਹਾਈਵੇਅ 97 ਨੂੰ ਸਮਰਲੈਂਡ ਰਾਹੀਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਹਾਈਵੇਅ 33 ਰਾਹੀਂ ਬਦਲਵਾਂ ਰਸਤਾ ਦਿੱਤਾ ਗਿਆ ਹੈ। ਫੋਰੈਸਟ ਸਰਵਿਸ ਰੋਡ 201 ਰਾਹੀਂ ਵੀ ਇੱਕ ਨਵਾਂ ਰੂਟ ਬਣਾਇਆ ਗਿਆ ਹੈ ਪਰ ਅਧਿਕਾਰੀਆਂ ਵੱਲੋਂ ਇਸ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪੈਂਟਿਕਟਨ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਲੋਕਾਂ, ਸਥਾਨਕ ਨੇਤਾਵਾਂ ਅਤੇ ਬਚਾਅ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਔਖੀ ਘੜੀ ਵਿੱਚ ਪੂਰਾ ਸੂਬਾ ਉਨ੍ਹਾਂ ਦੇ ਨਾਲ ਖੜ੍ਹਾ ਹੈ। ਪ੍ਰੀਮੀਅਰ ਈਬੀ ਨੇ ਦੱਸਿਆ ਕਿ ਬਹੁਤ ਸਾਰੇ ਬੇਘਰ ਹੋਏ ਲੋਕਾਂ ਨੇ ਰਹਿਣ ਲਈ ਥਾਂ ਲੱਭਣ ਅਤੇ ਜ਼ਰੂਰੀ ਚੀਜ਼ਾਂ ਹਾਸਲ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਹੈ। ਉਨ੍ਹਾਂ ਮੰਨਿਆ ਕਿ ਵੀਕਐਂਡ ਦੌਰਾਨ ਐਮਰਜੈਂਸੀ ਸਪੋਰਟ ਸਰਵਿਸਿਜ਼ ਤੱਕ ਪਹੁੰਚਣ ਵਿੱਚ ਲੋਕਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਹੱਲ ਲਈ ਬੀ.ਸੀ. ਇਵੈਕਿਊਈ ਹੈਲਪਲਾਈਨ ਉੱਤੇ ਸਟਾਫ ਦੀ ਗਿਣਤੀ ਵਿੱਚ 400 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਹੋਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਰਿਹਾਇਸ਼, ਭੋਜਨ ਅਤੇ ਹੋਰ ਬੁਨਿਆਦੀ ਸਹੂਲਤਾਂ ਤੁਰੰਤ ਮੁਹੱਈਆ ਕਰਵਾਈਆਂ ਜਾ ਸਕਣ। This report was written by Ekjot Singh as part of the Local Journalism Initiative.

