12.6 C
Vancouver
Tuesday, October 6, 2026

ਬੀ.ਸੀ. ਦਾ ਅਾਰਥਿਕ ਘਾਟਾ ਘੱਟ ਕੇ $7.7 ਬਿਲੀਅਨ ਹੋਇਆ, ਸਰਕਾਰ ਨੇ $467 ਮਿਲੀਅਨ ਦੀ ਬੱਚਤ ਦਾ ਦਾਅਵਾ ਕੀਤਾ

ਵੈਨਕੂਵਰ (ਏਕਜੋਤ ਸਿੰਘ): ਬੀ.ਸੀ. ਸਰਕਾਰ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸਾਲ 2025-26 ਦੌਰਾਨ ਵਿਸ਼ਵਵਿਆਪੀ ਆਰਥਿਕ ਅਸਥਿਰਤਾ ਦਾ ਡਟ ਕੇ ਸਾਹਮਣਾ ਕੀਤਾ ਹੈ। ਸੂਬੇ ਨੇ ਕਾਮਿਆਂ ਅਤੇ ਆਰਥਿਕਤਾ ਦੀ ਰਾਖੀ ਕਰਨ ਦੇ ਨਾਲ ਨਾਲ ਉਨ੍ਹਾਂ ਜਨਤਕ ਸੇਵਾਵਾਂ ਨੂੰ ਵੀ ਸੁਰੱਖਿਅਤ ਰੱਖਿਆ ਹੈ ਜਿਨ੍ਹਾਂ ਉੱਤੇ ਲੋਕ ਨਿਰਭਰ ਕਰਦੇ ਹਨ। ਵਿੱਤ ਮੰਤਰੀ ਬਰੈਂਡਾ ਬੇਲੀ ਨੇ ਕਿਹਾ ਕਿ ਉਨ੍ਹਾਂ ਨੇ ਬਜਟ 2025 ਅਜਿਹੇ ਅਨਿਸ਼ਚਿਤ ਸਮੇਂ ਜਾਰੀ ਕੀਤਾ ਸੀ ਜਦੋਂ ਅਮਰੀਕਾ ਨੇ ਕੈਨੇਡੀਅਨ ਵਸਤਾਂ ਉੱਤੇ ਭਾਰੀ ਟੈਰਿਫ ਲਗਾ ਦਿੱਤੇ ਸਨ। ਸਰਕਾਰ ਨੇ ਆਪਣੇ ਖਰਚੇ ਘਟਾਉਣ ਦੇ ਟੀਚਿਆਂ ਨੂੰ ਪਾਰ ਕਰਦਿਆਂ 300 ਮਿਲੀਅਨ ਡਾਲਰ ਦੀ ਥਾਂ 467 ਮਿਲੀਅਨ ਡਾਲਰ ਦੀ ਬਚਤ ਕੀਤੀ ਹੈ ਜੋ ਕਿ ਬੇਲੋੜੇ ਖਰਚਿਆਂ ਅਤੇ ਭਰਤੀਆਂ ਉੱਤੇ ਰੋਕ ਲਗਾ ਕੇ ਸੰਭਵ ਹੋ ਸਕਿਆ ਹੈ।
ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਂਦਿਆਂ ਪੱਛਮੀ ਕੈਨੇਡਾ ਵਿੱਚ ਲਗਭਗ 60 ਸਾਲਾਂ ਬਾਅਦ ਇੱਕ ਨਵੇਂ ਮੈਡੀਕਲ ਸਕੂਲ ਲਈ ਅਰਜ਼ੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸਦਾ ਪਹਿਲਾ ਬੈਚ 2029 ਵਿੱਚ ਗ੍ਰੈਜੂਏਟ ਹੋਵੇਗਾ। ਸਾਲ 2025 ਵਿੱਚ 223,000 ਤੋਂ ਵੱਧ ਲੋਕਾਂ ਨੂੰ ਫੈਮਿਲੀ ਡਾਕਟਰਾਂ ਨਾਲ ਜੋੜਿਆ ਗਿਆ ਹੈ। ਪਬਲਿਕ ਅਕਾਊਂਟਸ ਦੀ ਰਿਪੋਰਟ ਮੁਤਾਬਕ ਸੂਬੇ ਦਾ ਘਾਟਾ 7.7 ਬਿਲੀਅਨ ਡਾਲਰ ਰਿਹਾ ਹੈ ਜੋ ਕਿ ਬਜਟ ਦੇ ਅਨੁਮਾਨ ਤੋਂ 3.2 ਬਿਲੀਅਨ ਡਾਲਰ ਘੱਟ ਹੈ। ਬੀ.ਸੀ. ਦਾ ਕਰਜ਼ਾ ਅਤੇ ਜੀ.ਡੀ.ਪੀ. ਅਨੁਪਾਤ 26.3 ਫ਼ੀਸਦੀ ਨਾਲ ਕੈਨੇਡਾ ਵਿੱਚ ਦੂਜੇ ਸਭ ਤੋਂ ਹੇਠਲੇ ਪੱਧਰ ਉੱਤੇ ਬਣਿਆ ਹੋਇਆ ਹੈ।
ਸੂਬੇ ਨੇ ਆਪਣੀ ਆਰਥਿਕ ਸੁਰੱਖਿਆ ਮਜ਼ਬੂਤ ਕਰਨ ਲਈ 35 ਪ੍ਰਮੁੱਖ ਪ੍ਰੋਜੈਕਟਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ ਐਲ.ਐਨ.ਜੀ. ਸਹੂਲਤਾਂ ਅਤੇ ਕਲੀਨ ਐਨਰਜੀ ਪ੍ਰੋਜੈਕਟ ਸ਼ਾਮਲ ਹਨ। ਐਲ.ਐਨ.ਜੀ. ਕੈਨੇਡਾ ਵੱਲੋਂ ਏਸ਼ੀਆ ਨੂੰ ਆਪਣੀ ਪਹਿਲੀ ਸ਼ਿਪਮੈਂਟ ਭੇਜਣਾ ਇੱਕ ਇਤਿਹਾਸਕ ਮੀਲ ਪੱਥਰ ਹੈ। ਸਾਲ 2025-26 ਦੌਰਾਨ ਸਰਕਾਰ ਨੇ ਟਰਾਂਸਪੋਰਟ, ਸਿੱਖਿਆ ਅਤੇ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਉੱਤੇ 11 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਤਾਂ ਜੋ ਸੂਬੇ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ