ਵੈਨਕੂਵਰ (ਏਕਜੋਤ ਸਿੰਘ): ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਬਰੈਂਪਟਨ ਵਿੱਚ ਇੱਕ ਸਫਲਤਾ ਹਾਸਲ ਕੀਤੀ ਗਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਤਰਫੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਪ੍ਰੈਸ ਰਿਲੀਜ਼ ਅਨੁਸਾਰ ਇਲਾਕੇ ਵਿੱਚ ਚੱਲ ਰਹੀ ਇੱਕ ਗੈਰ ਕਾਨੂੰਨੀ ਕੈਨਾਬਿਸ ਉਤਪਾਦਨ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਲਗਭਗ 1.5 ਮਿਲੀਅਨ ਡਾਲਰ ਤੋਂ ਵੱਧ ਕੀਮਤ ਦਾ ਕੈਨਾਬਿਸ ਬਰਾਮਦ ਕੀਤਾ ਹੈ। ਇਸ ਗੈਰ ਕਾਨੂੰਨੀ ਕਾਰੋਬਾਰ ਦਾ ਖੁਲਾਸਾ 4 ਅਗਸਤ ਨੂੰ ਉਸ ਸਮੇਂ ਹੋਇਆ ਜਦੋਂ ਟੋਰਾਂਟੋ ਪੁਲਿਸ ਵੱਲੋਂ ਇੱਕ ਵੱਖਰੀ ਜਾਂਚ ਦੇ ਸਿਲਸਿਲੇ ਵਿੱਚ ਰਦਰਫੋਰਡ ਰੋਡ ਸਾਊਥ ਸਥਿਤ ਇੱਕ ਕਮਰਸ਼ੀਅਲ ਯੂਨਿਟ ਵਿੱਚ ਸਰਚ ਵਾਰੰਟ ਤਹਿਤ ਤਲਾਸ਼ੀ ਲਈ ਗਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੇ ਅੰਦਰ ਵਿਆਪਕ ਪੱਧਰ ਉੱਤੇ ਕੈਨਾਬਿਸ ਦੀ ਖੇਤੀ ਕੀਤੀ ਜਾ ਰਹੀ ਸੀ। ਬਾਅਦ ਵਿੱਚ ਹੈਲਥ ਕੈਨੇਡਾ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਸ ਜਾਇਦਾਦ ਉੱਤੇ ਕੈਨਾਬਿਸ ਦੀ ਖੇਤੀ ਨਾਲ ਸਬੰਧਤ ਕੋਈ ਵੀ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਸੀ। ਇਸ ਤੋਂ ਅਗਲੇ ਦਿਨ ਕਈ ਪੁਲਿਸ ਯੂਨਿਟਾਂ ਦੇ ਅਧਿਕਾਰੀਆਂ ਵੱਲੋਂ ਉਸੇ ਕਮਰਸ਼ੀਅਲ ਯੂਨਿਟ ਵਿੱਚ ਮੁੜ ਤੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜਾਂਚਕਰਤਾਵਾਂ ਨੇ ਵਿਕਾਸ ਦੇ ਵੱਖ ਵੱਖ ਪੜਾਵਾਂ ਵਿੱਚ ਮੌਜੂਦ ਲਗਭਗ 4000 ਕੈਨਾਬਿਸ ਦੇ ਪੌਦੇ ਜ਼ਬਤ ਕੀਤੇ। ਇਸ ਦੇ ਨਾਲ ਹੀ 23 ਕਿਲੋਗ੍ਰਾਮ ਤੋਂ ਵੱਧ ਪ੍ਰੋਸੈਸਡ ਕੈਨਾਬਿਸ ਅਤੇ 600 ਕੈਨੇਡੀਅਨ ਡਾਲਰ ਦੀ ਨਕਦੀ ਵੀ ਬਰਾਮਦ ਕੀਤੀ ਗਈ। ਪੁਲਿਸ ਦੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਇਮਾਰਤ ਵਿੱਚ ਸੁਰੱਖਿਆ ਨਿਯਮਾਂ ਦੀ ਭਾਰੀ ਉਲੰਘਣਾ ਕੀਤੀ ਜਾ ਰਹੀ ਸੀ। ਬਿਜਲੀ ਦੇ ਬੁਨਿਆਦੀ ਢਾਂਚੇ ਅਤੇ ਇਮਾਰਤ ਦੀ ਸੁਰੱਖਿਆ ਨੂੰ ਲੈ ਕੇ ਕਈ ਗੰਭੀਰ ਖਤਰੇ ਪਾਏ ਗਏ। ਇਸ ਮਾਮਲੇ ਵਿੱਚ 38 ਅਤੇ 43 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਉੱਤੇ ਕੈਨਾਬਿਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਵਾਂ ਨੂੰ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ 3 ਸਤੰਬਰ ਨੂੰ ਟੋਰਾਂਟੋ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। This report was written by Ekjot Singh as part of the Local Journalism Initiative.

