ਸਰੀ, (ਏਕਜੋਤ ਿਸੰਘ): ਪਿਨਟਿਕਟਨ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੰਗਲਾਂ ਦੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਬਹੁਤ ਸਾਰੇ ਸਥਾਨਕ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਇਸ ਔਖੀ ਘੜੀ ਵਿੱਚ ਪੀੜਤਾਂ ਦੀ ਮਦਦ ਲਈ ਸਥਾਨਕ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਮੁੱਚੀ ਸੰਗਤ ਵਧ ਚੜ੍ਹ ਕੇ ਅੱਗੇ ਆ ਰਹੇ ਹਨ। ਸਿੱਖ ਭਾਈਚਾਰੇ ਵੱਲੋਂ ਨਿਭਾਈ ਜਾ ਰਹੀ ਇਸ ਅਹਿਮ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਿਨ ਰਾਤ ਇੱਕ ਕਰਕੇ ਬੇਘਰ ਹੋਏ ਲੋੜਵੰਦਾਂ ਤੱਕ ਹਰ ਸੰਭਵ ਰਾਹਤ ਸਮੱਗਰੀ ਪਹੁੰਚਾਉਣ ਦਾ ਯਤਨ ਕਰ ਰਹੇ ਹਨ।
ਰਾਹਤ ਕਾਰਜਾਂ ਤਹਿਤ ਸੰਗਤ ਵੱਲੋਂ ਖਾਣ ਪੀਣ ਵਾਸਤੇ ਫਲ, ਰਾਸ਼ਨ ਅਤੇ ਡੱਬਾ ਬੰਦ ਭੋਜਨ ਕਾਫੀ ਮਾਤਰਾ ਵਿੱਚ ਦਾਨ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਕੁਝ ਵਸਤਾਂ ਅਜਿਹੀਆਂ ਹਨ ਜੋ ਖਾਸ ਤੌਰ ਉੱਤੇ ਛੋਟੇ ਬੱਚਿਆਂ ਅਤੇ ਔਰਤਾਂ ਲਈ ਤੁਰੰਤ ਲੋੜੀਂਦੀਆਂ ਹਨ ਅਤੇ ਉਹ ਸਿੱਧੀਆਂ ਸਥਾਨਕ ਸਟੋਰਾਂ ਵਿੱਚੋਂ ਹੀ ਖਰੀਦੀਆਂ ਜਾ ਸਕਦੀਆਂ ਹਨ। ਇਸ ਕਾਰਨ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਥੋੜ੍ਹੀ ਮਾਇਕ ਮਦਦ ਵੀ ਕਰਨ ਤਾਂ ਜੋ ਸੇਵਾਦਾਰਾਂ ਲਈ ਇਹ ਜ਼ਰੂਰੀ ਵਸਤਾਂ ਖਰੀਦਣੀਆਂ ਅਤੇ ਰਾਹਤ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਣਾ ਹੋਰ ਵੀ ਸੌਖਾ ਹੋ ਜਾਵੇ।
ਪਿਨਟਿਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਉਹ ਪਿਨਟਿਕਟਨ ਕਨਵੈਨਸ਼ਨ ਸੈਂਟਰ ਦੇ ਸ਼ਰਨ ਕੇਂਦਰ ਦੇ ਦਫ਼ਤਰ ਵਿੱਚ ਮੌਜੂਦ ਵਲੰਟੀਅਰਾਂ ਦੇ ਸਿੱਧੇ ਸੰਪਰਕ ਵਿੱਚ ਹਨ। ਇਸ ਤਾਲਮੇਲ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਖਾਣ ਪੀਣ ਦੀਆਂ ਵਸਤਾਂ ਜਾਂ ਹੋਰ ਬੁਨਿਆਦੀ ਲੋੜਾਂ ਦੀ ਸਪਲਾਈ ਸਬੰਧੀ ਹਰ ਸੰਭਵ ਮਦਦ ਸਮੇਂ ਸਿਰ ਮੁਹੱਈਆ ਕਰਵਾਈ ਜਾ ਸਕੇ। ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ 3290 ਸਾਊਥ ਮੇਨ ਸਟ੍ਰੀਟ ਵਿਖੇ ਸਥਿਤ ਪਿਨਟਿਕਟਨ ਸਿੱਖ ਟੈਂਪਲ ਮੌਜੂਦਾ ਹਾਲਾਤ ਤੋਂ ਪ੍ਰਭਾਵਿਤ ਹਰ ਵਿਅਕਤੀ ਦੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ।
ਗੁਰਦੁਆਰਾ ਕਮੇਟੀ ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਸੋਚਾਂ ਅਤੇ ਅਰਦਾਸਾਂ ਇਸ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹਰ ਵਿਅਕਤੀ ਦੇ ਨਾਲ ਹਨ ਅਤੇ ਉਹ ਆਪਣੀ ਕਮਿਊਨਿਟੀ ਦੀ ਮਦਦ ਲਈ ਹਮੇਸ਼ਾ ਹਾਜ਼ਰ ਹਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਮਦਦ ਲਈ ਲੋੜਵੰਦ ਵਿਅਕਤੀ ਰਜਿੰਦਰ ਸਿੰਘ ਕਲਾਰ ਨਾਲ 250-487-0663 ਉੱਤੇ ਜਾਂ ਹਰਜਿੰਦਰ ਸਿੰਘ ਬਰਾੜ ਨਾਲ 604-751-1898 ਉੱਤੇ ਫੋਨ ਜਾਂ ਟੈਕਸਟ ਸੁਨੇਹੇ ਰਾਹੀਂ ਸੰਪਰਕ ਕਰ ਸਕਦੇ ਹਨ।This report was written by Ekjot Singh as part of the Local Journalism Initiative.
ਪਿਨਟਿਕਟਨ ’ਚ ਅੱਗ ਪੀੜਤਾਂ ਲਈ ਸਿੱਖ ਸੰਗਤਾਂ ਵਲੋਂ ਰਾਹਤ ਕਾਰਜ ਜਾਰੀ

