12.6 C
Vancouver
Tuesday, October 6, 2026

ਗੋਰਡੀ ਹੋਵ ਬ੍ਰਿਜ ਖੁੱਲ੍ਹਣ ਦੇ ਪਹਿਲੇ 5 ਦਿਨਾਂ ਵਿੱਚ 41000 ਤੋਂ ਵੱਧ ਲੋਕਾਂ ਨੇ ਕੀਤੀ ਸਰਹੱਦ ਪਾਰ

ਵੈਨਕੂਵਰ (ਏਕਜੋਤ ਸਿੰਘ): ਨਵੇਂ ਬਣੇ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਨੂੰ ਖੁੱਲ੍ਹਿਆਂ ਅਜੇ ਕੁਝ ਹੀ ਦਿਨ ਹੋਏ ਹਨ ਪਰ ਇਸ ਰਾਹੀਂ ਆਵਾਜਾਈ ਨੇ ਭਾਰੀ ਰਫਤਾਰ ਫੜ ਲਈ ਹੈ। ਸਟੈਟੇਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਹਿਲੇ 5 ਦਿਨਾਂ ਦੇ ਅੰਦਰ ਹੀ 41000 ਤੋਂ ਵੱਧ ਲੋਕਾਂ ਨੇ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਲਈ ਇਸ ਪੁਲ ਦੀ ਵਰਤੋਂ ਕੀਤੀ ਹੈ। ਸ਼ੁਰੂਆਤੀ ਰਿਪੋਰਟਾਂ ਦਰਸਾਉਂਦੀਆਂ ਹਨ ਕਿ 27 ਤੋਂ 31 ਜੁਲਾਈ ਦੇ ਦਰਮਿਆਨ ਡੈਟ੍ਰੋਇਟ ਤੋਂ ਵਿੰਡਸਰ ਵਾਪਸ ਆਉਣ ਵਾਲੇ ਕੈਨੇਡੀਅਨ ਨਿਵਾਸੀਆਂ ਦੀ ਗਿਣਤੀ 18900 ਰਹੀ ਹੈ। ਇਸੇ ਸਮੇਂ ਦੌਰਾਨ 18100 ਅਮਰੀਕੀ ਨਾਗਰਿਕਾਂ ਨੇ ਕੈਨੇਡਾ ਆਉਣ ਲਈ ਇਸੇ ਪੁਲ ਦਾ ਰਸਤਾ ਚੁਣਿਆ ਜਦਕਿ ਡੈਟ੍ਰੋਇਟ ਨਦੀ ਉੱਤੋਂ ਲੰਘਣ ਵਾਲੇ ਇਸ ਪੁਲ ਰਾਹੀਂ 4100 ਕਮਰਸ਼ੀਅਲ ਟਰੱਕ ਵੀ ਕੈਨੇਡਾ ਵਿੱਚ ਦਾਖਲ ਹੋਏ।
ਸਟੈਟਕੈਨ ਦੀ ਰਿਪੋਰਟ ਦੱਸਦੀ ਹੈ ਕਿ ਇਸੇ ਸਮੇਂ ਦੌਰਾਨ ਖੇਤਰ ਦੇ ਹੋਰਨਾਂ ਸਰਹੱਦੀ ਲਾਂਘਿਆਂ ਜਿਵੇਂ ਐਂਬੈਸਡਰ ਬ੍ਰਿਜ ਅਤੇ ਵਿੰਡਸਰ ਡੈਟ੍ਰੋਇਟ ਟਨਲ ਰਾਹੀਂ 52700 ਲੋਕਾਂ ਨੇ ਸਫਰ ਕੀਤਾ ਜਿਨ੍ਹਾਂ ਵਿੱਚੋਂ 31500 ਵਾਪਸ ਆਉਣ ਵਾਲੇ ਕੈਨੇਡੀਅਨ ਸਨ। ਅਮਰੀਕਾ ਦੇ ਬਿਊਰੋ ਆਫ ਟ੍ਰਾਂਸਪੋਰਟੇਸ਼ਨ ਸਟੈਟੇਸਟਿਕਸ ਦੇ ਅੰਕੜਿਆਂ ਮੁਤਾਬਕ 27 ਤੋਂ 31 ਜੁਲਾਈ ਤੱਕ 4000 ਦੇ ਕਰੀਬ ਟਰੱਕ ਇਸ ਨਵੇਂ ਪੁਲ ਰਾਹੀਂ ਅਮਰੀਕਾ ਵਿੱਚ ਦਾਖਲ ਹੋਏ। ਹਾਲਾਂਕਿ ਨਿੱਜੀ ਵਾਹਨਾਂ ਰਾਹੀਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲਗਭਗ 37000 ਰਹੀ ਹੈ। ਕਈ ਹਫਤਿਆਂ ਦੀ ਦੇਰੀ ਤੋਂ ਬਾਅਦ 27 ਜੁਲਾਈ ਨੂੰ ਖੁੱਲ੍ਹੇ ਇਸ ਪੁਲ ਦਾ ਮੁੱਖ ਮਕਸਦ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਅਤੇ ਯਾਤਰੀ ਆਵਾਜਾਈ ਨੂੰ ਸੁਖਾਲਾ ਬਣਾਉਣਾ ਹੈ।
ਇਸ ਪ੍ਰੋਜੈਕਟ ਉੱਤੇ 6.4 ਬਿਲੀਅਨ ਡਾਲਰ ਦੀ ਲਾਗਤ ਆਈ ਹੈ ਜਿਸਦਾ ਪੂਰਾ ਖਰਚਾ ਕੈਨੇਡੀਅਨ ਸਰਕਾਰ ਨੇ ਚੁੱਕਿਆ ਹੈ। ਮਿਸ਼ੀਗਨ ਨਾਲ ਹੋਏ ਸਮਝੌਤੇ ਮੁਤਾਬਕ ਕੈਨੇਡਾ ਨੇ ਪਹਿਲਾਂ ਆਪਣਾ ਕਰਜ਼ਾ ਪੂਰਾ ਕਰਨਾ ਸੀ ਪਰ ਟਰੰਪ ਪ੍ਰਸ਼ਾਸਨ ਦੇ ਵਿਰੋਧ ਤੋਂ ਬਾਅਦ ਨਵਾਂ ਸਮਝੌਤਾ ਹੋਇਆ ਜਿਸ ਤਹਿਤ ਦੋਵੇਂ ਦੇਸ਼ ਪਹਿਲੇ 15 ਸਾਲਾਂ ਲਈ ਆਮਦਨ ਸਾਂਝੀ ਕਰਨਗੇ। ਦੋਵਾਂ ਦੇਸ਼ਾਂ ਨੇ ਵਪਾਰਕ ਤਣਾਅ ਦੇ ਬਾਵਜੂਦ ਇਸ ਪੁਲ ਦੇ ਉਦਘਾਟਨ ਨੂੰ ਆਪਸੀ ਸਹਿਯੋਗ ਦੇ ਪ੍ਰਤੀਕ ਵਜੋਂ ਮਨਾਇਆ ਹੈ। ਮਿਸ਼ੀਗਨ ਦੀ ਗਵਰਨਰ ਗ੍ਰੈਚੇਨ ਵਿਟਮਰ ਸਮੇਤ ਕਈ ਸਿਆਸੀ ਆਗੂਆਂ ਨੇ ਪਹਿਲੇ ਦਿਨ ਇਸ ਪੁਲ ਉੱਤੋਂ ਸਫਰ ਕੀਤਾ। ਅਮਰੀਕੀ ਸੈਨੇਟਰ ਐਲਿਸਾ ਸਲੋਟਕਿਨ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਇਸ ਪੁਲ ਨੂੰ ਸ਼ਾਨਦਾਰ ਦੱਸਿਆ ਅਤੇ ਇਸਨੂੰ ਸਪਲਾਈ ਚੇਨ ਅਤੇ ਦੁਵੱਲੇ ਵਪਾਰ ਲਈ ਕਰਾਰ ਦਿੱਤਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ