ਵੈਨਕੂਵਰ (ਸੁਰਿੰਦਰ ਸਿੰਘ ਸੁੰਨੜ): ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਹਰ ਸਾਲ ਵਿਚ ਬੱਚਿਆਂ ਦੇ ਦੋ ਕੈਂਪ ਲਗਾਏ ਜਾਂਦੇ ਹਨ। ਇਕ ਮਾਰਚ ਮਹੀਨੇ ਦੀਆਂ ਛੁੱਟੀਆਂ ਵਿਚ ਅਤੇ ਦੂਜਾ ਅਗਸਤ ਮਹੀਨੇ ਵਿਚ ਹਫਤੇ ਦਾ ਕੈਂਪ ਲਗਾਇਆ ਜਾਂਦਾ ਹੈ। ਇਸ ਵਾਰ 4 ਅਗਸਤ ਤੋਂ 7 ਅਗਸਤ ਤੱਕ 150 ਬੱਚਿਆਂ ਦਾ ਕੈਂਪ ਲਗਾਇਆ ਗਿਆ। ਇਸ ਦੌਰਾਨ 25 ਵਾਲੰਟੀਅਰਾਂ ਨੇ ਸੇਵਾਵਾਂ ਨਿਭਾਈਆਂ। ਕੈਂਪ ਵਿਚ 6 ਤੋਂ 12 ਸਾਲ ਦੇ ਬੱਚੇ ਸ਼ਾਮਿਲ ਕੀਤੇ ਗਏ। 14 ਤੋਂ 16 ਸਾਲ ਦੇ ਬੱਚੇ ਵਾਲੰਟੀਅਰ ਸੇਵਾਵਾਂ ਨਿਭਾਉਂਦੇ ਹਨ। 4 ਅਗਸਤ 9 ਵਜੇ ਬੱਚਿਆਂ ਨੇ ਆਪ ਅਰਦਾਸ ਕਰ ਕੇ ਕੈਂਪ ਦੀ ਅਰੰਭਤਾ ਕੀਤੀ। ਉਸ ਤੋਂ ਬਾਅਦ ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਜਾਣਕਾਰੀ ਦਿੱਤੀ ਗਈ। 5 ਅਗਸਤ ਨੂੰ ਨੇੜੇ ਮੋਬਰਲੀ ਪਾਰਕ ਵਿਚ ਖੇਡਾਂ ਕਰਵਾਈਆਂ ਗਈਆਂ, ਬਾਅਦ ਵਿਚ ਪੀਜ਼ਾ ਖੁਆਇਆ ਗਿਆ। 6 ਅਗਸਤ ਨੂੰ ਬੱਚਿਆਂ ਨੂੰ ਕਾਮਾਗਾਟਾਮਾਰੂ ਸਾਕਾ ਦੁਖਾਂਤ ਦੇ 376 ਮੁਸਾਫਰਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਮਿਊਜ਼ੀਅਮ ਦਾ ਟੂਰ ਸੁਰਿੰਦਰ ਸਿੰਘ ਸੁੰਨੜ ਵੱਲੋਂ ਕਰਵਾਇਆ ਗਿਆ। ਉਸ ਤੋਂ ਬਾਅਦ ਸਿੱਖਾਂ ਦੇ ਪੰਜ ਤਖਤਾਂ ਦੀ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਛੋਲੇ, ਭਟੂਰੇ ਖੁਆਏ ਗਏ। ਅਖੀਰਲੇ ਦਿਨ 7 ਅਗਸਤ ਨੂੰ ਸਰੀ ਦੇ ਫਨ ਪਾਰਕ ਵਿਚ ਲਿਜਾਇਆ ਗਿਆ, ਸਕੇਟਿੰਗ ਕਰਵਾਈ ਗਈ। ਇਸ ਤੋਂ ਬਾਅਦ 2 ਵਜੇ ਮਿਊਜ਼ੀਅਮ ਹਾਲ ਵਿਖੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਖੰਡੇ ਦੇ ਨਿਸ਼ਾਨ ਦੇ ਬੈਜ ਦਿੱਤੇ ਗਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਨੇ ਬੱਚਿਆਂ ਦੇ ਮਾਤਾ ਪਿਤਾ, ਵਾਲੰਟੀਅਰਾਂ ਤੇ ਬੱਚਿਆਂ ਦਾ ਧੰਨਵਾਦ ਕੀਤਾ। ਕਸ਼ਮੀਰ ਸਿੰਘ ਧਾਲੀਵਾਲ ਨੇ ਆਪਣੇ ਧੰਨਵਾਦੀ ਸ਼ਬਦ ਪ੍ਰਗਟ ਕੀਤੇ। ਵਾਲੰਟੀਅਰਾਂ ਵਿਚੋਂ ਜਿਨ੍ਹਾਂ ਨੇ ਕੈਂਪ ਨੂੰ ਸਫਲ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ ਉਨ੍ਹਾਂ ਵਿਚ ਅਜਮੇਰ ਸਿੰਘ ਅਟਵਾਲ, ਭਗਤ ਸਿੰਘ ਨਿੱਝਰ, ਜੋਗਿੰਦਰ ਸਿੰਘ ਨਿੱਝਰ, ਸੁਰਿੰਦਰ ਸਿੰਘ ਟੱਕਰ, ਜਸਦੀਪ ਸਿੰਘ ਤੂਰ, ਇੰਦਰਜੀਤ ਸਿੰਘ ਕੰਗ, ਨਵਦੀਪ ਸਿੰਘ ਧਾਲੀਵਾਲ, ਬਾਘ ਸਿੰਘ ਜੌਹਲ, ਹਰਵਿੰਦਰ ਸਿੰਘ ਬਿਲਿੰਗ ਅਤੇ ਮੈਗੀ ਬਰਾੜ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਵਾਲੰਟੀਅਰਾਂ ਨੇ ਦਿਨ ਰਾਤ ਇਕ ਕਰ ਕੇ ਕੈਂਪ ਨੂੰ ਸਫਲ ਬਣਾਇਆ, ਅਗਲੇ ਸਾਲ ਮਾਰਚ 2027 ਨੂੰ ਕੈਂਪ ਲੱਗੇਗਾ। ਸਮੂਹ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਵਾਲੰਟੀਅਰ ਵੀਰਾਂ ਦਾ ਧੰਨਵਾਦ ਕੀਤਾ ਗਿਆ ਜੋ ਲੰਗਰਾਂ ਦੀ ਸੇਵਾ ਲਗਾਤਾਰ ਨਿਭਾਉਂਦੇ ਰਹੇ।

