ਵੈਨਕੂਵਰ (ਏਕਜੋਤ ਸਿੰਘ): ਫੈਡਰਲ ਸਰਕਾਰ ਨੇ ਦੇਸ਼ ਭਰ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਜਿੱਠਣ ਅਤੇ ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਐਲਾਨ ਕੀਤਾ ਹੈ। ਸਰਕਾਰ ਵੱਲੋਂ ਕੈਨੇਡਾ ਵਿੱਚ ਚੱਲ ਰਹੇ 141 ਜਲਵਾਯੂ ਅਨੁਕੂਲਤਾ ਪ੍ਰੋਜੈਕਟਾਂ ਲਈ 34 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
ਵਾਤਾਵਰਣ ਮੰਤਰੀ ਜੂਲੀ ਡੈਬਰੂਸਿਨ ਨੇ ਅੱਜ ਸਵੇਰੇ ਹੈਲੀਫੈਕਸ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਸ ਭਾਰੀ ਫੰਡਿੰਗ ਦਾ ਰਸਮੀ ਐਲਾਨ ਕੀਤਾ। ਇਸ ਵਿੱਤੀ ਸਹਾਇਤਾ ਦਾ ਮੁੱਖ ਉਦੇਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਆਫਤਾਂ ਅਤੇ ਮੌਸਮੀ ਤਬਦੀਲੀਆਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ।
ਇਸ ਯੋਜਨਾ ਤਹਿਤ ਇਕੱਲੇ ਹੈਲੀਫੈਕਸ ਸ਼ਹਿਰ ਨੂੰ 800,000 ਡਾਲਰ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਫੰਡ ਸ਼ਹਿਰ ਦੇ ਪਾਰਕਾਂ ਵਿੱਚ ਕੂਲਿੰਗ ਸਿਸਟਮ ਲਗਾਉਣ ਲਈ ਵਰਤਿਆ ਜਾਵੇਗਾ ਤਾਂ ਜੋ ਅੱਤ ਦੀ ਗਰਮੀ ਦੌਰਾਨ ਸਥਾਨਕ ਨਿਵਾਸੀਆਂ ਨੂੰ ਰਾਹਤ ਮਿਲ ਸਕੇ। ਸਰਕਾਰੀ ਰਿਪੋਰਟ ਅਨੁਸਾਰ ਕੁੱਲ ਮਿਲਾ ਕੇ ਕੈਨੇਡਾ ਭਰ ਦੇ 128 ਭਾਈਚਾਰਿਆਂ ਨੂੰ ਵੱਖ-ਵੱਖ ਪ੍ਰੋਜੈਕਟਾਂ ਲਈ ਇਹ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜਿਸ ਨਾਲ ਸਥਾਨਕ ਪੱਧਰ ‘ਤੇ ਮੌਸਮੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।
ਐਲਾਨ ਦੌਰਾਨ ਕੁਝ ਹੋਰ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਵਾਟਰਲੂ ਮਿਊਂਸਪੈਲਿਟੀ ਲਈ 650,000 ਡਾਲਰ ਦਾ ਫੰਡ ਸ਼ਾਮਲ ਹੈ ਜੋ ਉੱਥੋਂ ਦੇ ਨਿਵਾਸੀਆਂ ਦੇ ਘਰਾਂ ਨੂੰ ਅੱਤ ਦੀ ਗਰਮੀ ਤੋਂ ਬਚਾਉਣ ਲਈ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਕਿਊਬਿਕ ਦੇ ਇੱਕ ਭਾਈਚਾਰੇ ਨੂੰ ਹੜ੍ਹਾਂ ਦੇ ਖਤਰੇ ਨੂੰ ਘੱਟ ਕਰਨ ਵਾਲੇ ਪ੍ਰਬੰਧਾਂ ਲਈ 1 ਮਿਲੀਅਨ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
ਫੈਡਰਲ ਸਰਕਾਰ ਦੇ ਇਨ੍ਹਾਂ ਯਤਨਾਂ ਨਾਲ ਕੈਨੇਡਾ ਦੇ ਬੁਨਿਆਦੀ ਢਾਂਚੇ ਨੂੰ ਮੌਸਮੀ ਤਬਦੀਲੀਆਂ ਦੇ ਅਨੁਕੂਲ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਦਾ ਜੀਵਨ ਪੱਧਰ ਸੁਰੱਖਿਅਤ ਹੋ ਸਕੇਗਾ। This report was written by Ekjot Singh as part of the Local Journalism Initiative.
ਕੈਨੇਡਾ ਵਿੱਚ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਵੱਲੋਂ 34 ਮਿਲੀਅਨ ਡਾਲਰ ਦੀ ਸਹਾਇਤਾ

