ਸਰੀ : ਕੈਨੇਡਾ ਦੀ ਧਰਤੀ ‘ਤੇ ਵੱਸਦੇ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਆਪਣੀ ਮਿਹਨਤ ਸਦਕਾ ਸਾਡੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ, ਉਥੇ ਹੀ ਸਾਡੇ ਪੰਜਾਬ ਦੀਆਂ ਧੀਆਂ ਆਪਣੀ ਮਿਹਨਤ ਸਦਕਾ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰ ਰਹੀਆਂ ਹਨ, ਉਥੇ ਹੀ ਸਾਡੇ ਪੰਜਾਬ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾ. ਮਨਜੀਤ ਸਿੰਘ ਦਿਓਲ ਭਾਂਗੋ ਨੇ ਫੋਨ ‘ਤੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਟੂਸੇ ਜ਼ਿਲਾ ਲੁਧਿਆਣਾ ਨਿਵਾਸੀ ਸਵ. ਹਰਿਅੰਮ੍ਰਿਤ ਸਿੰਘ ਧਾਲੀਵਾਲ ਅਤੇ ਬੀਬੀ ਮਲਕੀਤ ਕੌਰ ਦੀ ਹੋਣਹਾਰ ਬੇਟੀ ਹਰਸਿਮਰਤ ਕੌਰ ਧਾਲੀਵਾਲ ਨੂੰ ਡਾਕਟਰ ਦੀ ਡਿਗਰੀ ਮਿਲਣ ‘ਤੇ ਗੁਰਦੁਆਰਾ ਕਲਗੀਧਰ ਦਰਬਾਰ ਦੀ ਸਮੁੱਚੀ ਕਮੇਟੀ ਵੱਲੋਂ ਸਿਰੋਪਾਓ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸਕੱਤਰ ਬਾਜ ਸਿੰਘ ਜੱਸਲ ਵੱਲੋਂ ਛੋਟੀ ਉਮਰ ਵਿਚ ਹੀ ਬੇਟੀ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ ਸੀ ਅਤੇ ਉਸ ਤੋਂ ਪੁੱਛਿਆ ਕਿ ਵੱਡੀ ਹੋ ਕਿ ਬਣਨਾ ਚਾਹੁੰਦੀ ਹੈ ਤਾਂ ਹਰਸਿਮਰਤ ਕੌਰ ਨੇ ਕਿਹਾ ਕਿ ਮੈਂ ਵੱਡੀ ਹੋ ਕਿ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਾਂਗੀ। ਹਰਸਿਮਰਤ ਨੇ ਉੱਚ ਵਿੱਦਿਆ ਲੈ ਕੇ ਸੰਸਾਰ ਪ੍ਰਸਿੱਧ ਸਪੈਸ਼ਲਿਸਟ ਡਾਕਟਰਾਂ ਤੋਂ ਡਾਕਟਰੀ ਗਿਆਨ ਲੈ ਕੇ ਵੈਨਕੂਵਰ ਯੂ.ਬੀ. ਸੀ. ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰ ਕੇ ਡਾਕਟਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।
ਦੋ ਧੀਆਂ ਦੀਆਂ ਮਲਕੀਤ ਕੌਰ ਨੇ ਆਪਣੀ ਸਖਤ ਮਿਹਨਤ ਕਰ ਕੇ ਸਿੰਗਲ ਮਾਂ ਹੋਣ ਦੇ ਬਾਵਜੂਦ ਆਪਣੀਆਂ ਦੋਵੇਂ ਬੇਟੀਆਂ ਨੂੰ ਟਾਪ ਦੀ ਪੜ੍ਹਾਈ ਮੁਹੱਈਆ ਕਰਵਾਈ ਸੀ ਅਤੇ ਛੋਟੀ ਬੇਟੀ ਵੀ ਟਾਪ ਦੀ ਕੰਪਨੀ ਵਿਚ ਐੱਚ. ਆਰ. ਦੀ ਨੌਕਰੀ ਕਰ ਰਹੀ ਹੈ।
ਹੁਣ ਡਾ. ਹਰਸਿਮਰਤ ਕੌਰ ਧਾਲੀਵਾਲ ਵਲੋਂ ਲੋਕਾਂ ਦੀ ਸੇਵਾ ਲਈ ਕਲੀਨਿਕ ਖੋਲ੍ਹ ਦਿੱਤਾ ਗਿਆ ਹੈ। ਹਰਸਿਮਰਤ ਕੌਰ ਨੇ ਕਿਹਾ ਕਿ ਮੈਂ ਹਰ ਇਕ ਕਮਿਊਨਿਟੀ ਦੇ ਮਰੀਜ਼ਾਂ ਦਾ ਇਲਾਜ ਤਨ-ਮਨ ਨਾਲ ਕਰਾਂਗੀ ਅਤੇ ਭਾਈ ਘਨੱਈਆ ਜੀ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ‘ਤੇ ਚੱਲਣ ਦਾ ਯਤਨ ਕਰਾਂਗੀ। ਕੈਨੇਡਾ ਦੀ ਧਰਤੀ ‘ਤੇ ਮਨੁੱਖਤਾ ਦੀ ਸੇਵਾ ਕਰ ਕੇ ਉਹ ਬਹੁਤ ਖੁਸ਼ ਹੋਵੇਗੀ। ਇਸ ਮੌਕੇ ਮਾ. ਮਨਜੀਤ ਸਿੰਘ ਦਿਓਲ ਵਲੋਂ ਗੁਰੂ ਘਰ ਦੇ ਵਜ਼ੀਰ, ਪ੍ਰਬੰਧਕ ਕਮੇਟੀ ਅਤੇ ਡਾ. ਹਰਸਿਮਰਤ ਕੌਰ ਧਾਲੀਵਾਲ ਦਾ ਧੰਨਵਾਦ ਕੀਤਾ ਗਿਆ।
ਕੈਨੇਡਾ ਦੀ ਜੰਮਪਲ ਅੰਮ੍ਰਿਤਧਾਰੀ ਹਰਸਿਮਰਤ ਧਾਲੀਵਾਲ ਬਣੀ ਡਾਕਟਰ, ਗੁਰਦੁਆਰਾ ਕਮੇਟੀ ਨੇ ਕੀਤਾ ਸਨਮਾਨਿਤ

