12.6 C
Vancouver
Tuesday, October 6, 2026

ਅਲਬਰਟਾ ਵਿੱਚ 1.65 ਮਿਲੀਅਨ ਪੌਂਡ ਦੇ ਵਿਸ਼ਾਲ ਟਰੱਕ ਕਾਰਨ ਲੱਗਾ ਟ੍ਰੈਫਿਕ ਜਾਮ

ਵੈਨਕੂਵਰ (ਏਕਜੋਤ ਸਿੰਘ): ਕੇਂਦਰੀ ਅਲਬਰਟਾ ਦੇ ਡਰਾਈਵਰਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਆਵਾਜਾਈ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇੱਕ ਭਾਰੀ ਮਸ਼ੀਨਰੀ ਨੂੰ ਸੜਕੀ ਰਸਤੇ ਰਾਹੀਂ ਲਿਜਾਇਆ ਜਾ ਰਿਹਾ ਹੈ। ਨੈਚੁਰਲ ਗੈਸ ਪ੍ਰੋਸੈਸਿੰਗ ਵਿੱਚ ਵਰਤੇ ਜਾਣ ਵਾਲੇ ਇਸ ਡੀ ਈਥੇਨਾਈਜ਼ਰ ਲੋਡ ਦਾ ਸਫ਼ਰ ਬੁੱਧਵਾਰ 12 ਅਗਸਤ ਰਾਤ 11 ਵਜੇ ਡੇਕਰੋ ਤੋਂ ਸ਼ੁਰੂ ਹੋਵੇਗਾ। ਇਹ ਵਿਸ਼ਾਲ ਮਸ਼ੀਨਰੀ ਐਡਮਿੰਟਨ ਤੋਂ ਫੋਰਟ ਸਸਕੈਚਵਨ ਦੇ ਵਿਚਕਾਰ ਲਿਜਾਈ ਜਾਵੇਗੀ ਅਤੇ ਇਸ ਦੀ ਵੱਧ ਤੋਂ ਵੱਧ ਰਫਤਾਰ 30 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਕਾਰਨ ਸੜਕਾਂ ਉੱਤੇ ਦੋ ਦਿਨਾਂ ਲਈ ਆਵਾਜਾਈ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਸਰਕਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਸ ਵਿਸ਼ਾਲ ਮਸ਼ੀਨਰੀ ਨੂੰ ਲਿਜਾਣ ਲਈ 448 ਪਹੀਆਂ ਵਾਲੇ ਟਰੇਲਰ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਗਾਈਡ ਵਾਹਨ ਵੀ ਚੱਲਣਗੇ। ਇਸ ਲੋਡ ਦਾ ਕੁੱਲ ਵਜ਼ਨ 1.65 ਮਿਲੀਅਨ ਪੌਂਡ ਦੇ ਕਰੀਬ ਹੈ। ਇਸ ਦੀ ਚੌੜਾਈ 7.7 ਮੀਟਰ, ਉਚਾਈ 10.5 ਮੀਟਰ ਅਤੇ ਲੰਬਾਈ 96.6 ਮੀਟਰ ਹੈ। ਆਕਾਰ ਪੱਖੋਂ ਵਿਸ਼ਾਲ ਹੋਣ ਕਾਰਨ ਇਹ ਮਸ਼ੀਨਰੀ ਹਾਈਵੇਅ ਦੀ ਪੂਰੀ ਚੌੜਾਈ ਦੀ ਵਰਤੋਂ ਕਰੇਗੀ, ਜਿਸ ਵਿੱਚ ਸੜਕ ਦੇ ਕਿਨਾਰੇ ਵਾਲਾ ਹਿੱਸਾ ਵੀ ਸ਼ਾਮਲ ਹੋਵੇਗਾ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਰੂਟ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣ। ਸੂਬਾ ਸਰਕਾਰ ਵੱਲੋਂ ਇਸ ਮਸ਼ੀਨਰੀ ਦੇ ਕੇਂਦਰੀ ਅਲਬਰਟਾ ਵਿੱਚੋਂ ਲੰਘਣ ਦਾ ਪੂਰਾ ਰੂਟ ਵੀ ਸਾਂਝਾ ਕੀਤਾ ਗਿਆ ਹੈ। ਪਹਿਲੇ ਦਿਨ ਭਾਵ 12 ਅਗਸਤ ਦੀ ਰਾਤ ਨੂੰ 11 ਵਜੇ ਇਹ ਸਫ਼ਰ ਐਡਮਿੰਟਨ ਦੇ 9325 51 ਐਵੇਨਿਊ ਐਨ ਡਬਲਯੂ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਇਹ 51 ਐਵੇਨਿਊ ਅਤੇ ਰੋਪਰ ਰੋਡ ਰਾਹੀਂ ਪੂਰਬ ਵੱਲ ਜਾਵੇਗਾ। ਅੱਗੇ ਜਾ ਕੇ ਇਹ 75 ਸਟ੍ਰੀਟ ਐਨ ਡਬਲਯੂ ਤੋਂ ਦੱਖਣ ਵੱਲ ਮੁੜੇਗਾ ਅਤੇ ਫਿਰ ਵ੍ਹਾਈਟਮਡ ਡਰਾਈਵ, ਹਾਈਵੇਅ 216 ਅਤੇ ਹਾਈਵੇਅ 14 ਤੋਂ ਹੁੰਦਾ ਹੋਇਆ ਅੱਗੇ ਵਧੇਗਾ। ਅੰਤ ਵਿੱਚ ਇਹ ਹਾਈਵੇਅ 21 ਦੇ ਰੈਂਪ ਉੱਤੇ ਪਹੁੰਚੇਗਾ ਅਤੇ ਸਵੇਰੇ 5 ਵਜੇ ਤੱਕ ਹਾਈਵੇਅ 21 ਦੇ ਪੂਰਬੀ ਪਾਸੇ ਪੜਾਅ ਕਰੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ