15.6 C
Vancouver
Monday, September 7, 2026

ਅਮਰੀਕੀ ਰਾਸ਼ਟਰਪਤੀ ਨੂੰ ਪਸੰਦ ਨਹੀਂ ਕਰਦੇ 79 ਫੀਸਦੀ ਕੈਨੇਡੀਅਨ : ਸਰਵੇਖਣ

ਵੈਨਕੂਵਰ (ਏਕਜੋਤ ਸਿੰਘ): ਐਂਗਸ ਰੀਡ ਇੰਸਟੀਚਿਊਟ ਦੇ ਇੱਕ ਨਵੇਂ ਪੋਲ ਅਨੁਸਾਰ ਅਮਰੀਕੀਆਂ ਵੱਲੋਂ ਕੈਨੇਡੀਅਨਾਂ ਪ੍ਰਤੀ ਹਾਂ-ਪੱਖੀ ਨਜ਼ਰੀਆ ਰੱਖਣ ਦੇ ਬਾਵਜੂਦ ਕੈਨੇਡਾ ਵਾਲੇ ਪਾਸੇ ਅਜਿਹੀ ਭਾਵਨਾ ਨਹੀਂ ਦੇਖੀ ਜਾ ਰਹੀ। ਅੰਕੜਿਆਂ ਮੁਤਾਬਕ 79 ਫੀਸਦੀ ਅਮਰੀਕੀ ਕੈਨੇਡਾ ਬਾਰੇ ਚੰਗੀ ਰਾਏ ਰੱਖਦੇ ਹਨ ਜਦਕਿ 48 ਫੀਸਦੀ ਕੈਨੇਡੀਅਨ ਅਮਰੀਕੀਆਂ ਬਾਰੇ ਨਕਾਰਾਤਮਕ ਨਜ਼ਰੀਆ ਰੱਖਦੇ ਹਨ। ਸਿਰਫ 45 ਫੀਸਦੀ ਕੈਨੇਡੀਅਨ ਹੀ ਅਮਰੀਕੀਆਂ ਨੂੰ ਸਹੀ ਮੰਨਦੇ ਹਨ। ਪੋਲ ਅਨੁਸਾਰ ਪਿਛਲੇ ਡੇਢ ਸਾਲ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਪ੍ਰਤੀ ਕੈਨੇਡੀਅਨਾਂ ਦੀ ਰਾਏ ਬਹੁਤ ਖਰਾਬ ਹੋਈ ਹੈ ਅਤੇ 79 ਫੀਸਦੀ ਕੈਨੇਡੀਅਨ ਟਰੰਪ ਨੂੰ ਪਸੰਦ ਨਹੀਂ ਕਰਦੇ।
ਸਰਵੇਖਣ ਦਰਸਾਉਂਦਾ ਹੈ ਕਿ 78 ਫੀਸਦੀ ਅਮਰੀਕੀ ਚਾਹੁੰਦੇ ਹਨ ਕਿ ਅਮਰੀਕਾ ਕੈਨੇਡਾ ਨੂੰ ਇੱਕ ਕੀਮਤੀ ਭਾਈਵਾਲ ਵਜੋਂ ਦੇਖੇ ਪਰ ਦੂਜੇ ਪਾਸੇ 65 ਫੀਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਅਮਰੀਕਾ ਨਾਲ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਜਾਂ ਉਸਨੂੰ ਇੱਕ ਸੰਭਾਵੀ ਖਤਰੇ ਵਜੋਂ ਦੇਖਣਾ ਚਾਹੀਦਾ ਹੈ। ਇੱਥੋਂ ਤੱਕ ਕਿ 6 ਫੀਸਦੀ ਕੈਨੇਡੀਅਨ ਤਾਂ ਅਮਰੀਕਾ ਨੂੰ ਦੁਸ਼ਮਣ ਵੀ ਮੰਨਦੇ ਹਨ। ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਤਣਾਅ ਉਦੋਂ ਹੋਰ ਵਧ ਗਿਆ ਜਦੋਂ 5 ਅਗਸਤ ਨੂੰ ਲਾਸ ਵੇਗਾਸ ਵਿੱਚ ਭਾਸ਼ਣ ਦਿੰਦਿਆਂ ਟਰੰਪ ਨੇ ਕੈਨੇਡਾ ਅਤੇ ਇਸਦੀ ਲੀਡਰਸ਼ਿਪ ਨੂੰ ਪੰਜ ਵਾਰ ਖਰਾਬ ਕਿਹਾ। ਇਸਦੇ ਜਵਾਬ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਵੀ ਟਰੰਪ ‘ਤੇ ਸਿਆਸੀ ਤਨਜ਼ ਕੱਸਿਆ ਜਿਸ ਨਾਲ ਬਿਆਨਬਾਜ਼ੀ ਹੋਰ ਤੇਜ਼ ਹੋ ਗਈ। ਟਰੰਪ ਵੱਲੋਂ 20 ਜੁਲਾਈ ਨੂੰ ਕੈਨੇਡੀਅਨ ਆਯਾਤ ‘ਤੇ 50 ਫੀਸਦੀ ਟੈਰਿਫ ਲਗਾਉਣ ਨਾਲ ਵੀ ਚਿੰਤਾ ਵਧੀ ਹੈ। ਇਨ੍ਹਾਂ ਤਣਾਅਪੂਰਨ ਹਾਲਾਤਾਂ ਦੌਰਾਨ ਜਨਵਰੀ 2025 ਵਿੱਚ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਕੈਨੇਡੀਅਨਾਂ ਦਾ ਅਮਰੀਕਾ ਦਾ ਸਫਰ ਕਾਫੀ ਘਟਿਆ ਸੀ। ਹਾਲਾਂਕਿ ਜੁਲਾਈ 2026 ਵਿੱਚ ਕੈਨੇਡੀਅਨਾਂ ਦੀਆਂ ਅਮਰੀਕਾ ਤੋਂ ਵਾਪਸੀ ਯਾਤਰਾਵਾਂ ਦੀ ਗਿਣਤੀ 2.3 ਮਿਲੀਅਨ ਰਹੀ ਜੋ ਜੁਲਾਈ 2025 ਦੇ ਮੁਕਾਬਲੇ 10.2 ਫੀਸਦੀ ਵੱਧ ਹੈ। ਹਾਲ ਹੀ ਵਿੱਚ ਖੁੱਲ੍ਹੇ ਨਵੇਂ ਗੋਰਡੀ ਹੋਵ ਇੰਟਰਨੈਸ਼ਨਲ ਬ੍ਰਿਜ ਰਾਹੀਂ ਪਹਿਲੇ 5 ਦਿਨਾਂ ਵਿੱਚ ਹੀ 41,000 ਤੋਂ ਵੱਧ ਵਾਹਨਾਂ ਨੇ ਸਰਹੱਦ ਪਾਰ ਕੀਤੀ। 27 ਤੋਂ 31 ਜੁਲਾਈ ਦਰਮਿਆਨ ਇਸ ਪੁਲ ਰਾਹੀਂ 18,900 ਕੈਨੇਡੀਅਨ ਅਮਰੀਕਾ ਤੋਂ ਵਾਪਸ ਆਏ ਅਤੇ 18,100 ਅਮਰੀਕੀ ਕੈਨੇਡਾ ਦਾਖਲ ਹੋਏ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ