ਵੈਨਕੂਵਰ (ਏਕਜੋਤ ਸਿੰਘ): ਅਮਰੀਕਾ ਵਿੱਚ ਮਹਿੰਗਾਈ ਦੀ ਰਫਤਾਰ ਪਿਛਲੇ ਮਹੀਨੇ ਕੁਝ ਸੁਸਤ ਪਈ ਹੈ ਜਿਸ ਨਾਲ ਅਰਥਚਾਰੇ ਵਿੱਚ ਕੀਮਤਾਂ ਦੇ ਦਬਾਅ ਵਿੱਚ ਮਾਮੂਲੀ ਕਮੀ ਆਈ ਹੈ। ਲੇਬਰ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ ਜੁਲਾਈ ਵਿੱਚ ਮਹਿੰਗਾਈ ਦਰ 3.4 ਫੀਸਦੀ ਰਹੀ ਜੋ ਜੂਨ ਦੇ 3.5 ਫੀਸਦੀ ਦੇ ਮੁਕਾਬਲੇ ਥੋੜ੍ਹੀ ਘੱਟ ਹੈ। ਭਾਵੇਂ ਈਰਾਨ ਜੰਗ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਧੀਆਂ ਸਨ ਪਰ ਇਸਦਾ ਵਿਆਪਕ ਅਸਰ ਸੀਮਤ ਹੀ ਰਿਹਾ ਹੈ। ਫਿਰ ਵੀ ਫਰਵਰੀ ਵਿੱਚ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵਾਲੀ 2.4 ਫੀਸਦੀ ਦੀ ਦਰ ਮੁਕਾਬਲੇ ਮਹਿੰਗਾਈ ਅਜੇ ਵੀ ਜ਼ਿਆਦਾ ਹੈ। ਮਹੀਨਾਵਾਰ ਆਧਾਰ ‘ਤੇ ਜੂਨ ਤੋਂ ਜੁਲਾਈ ਦਰਮਿਆਨ ਕੀਮਤਾਂ ਵਿੱਚ ਸਿਰਫ 0.1 ਫੀਸਦੀ ਦਾ ਇਜ਼ਾਫਾ ਹੋਇਆ ਹੈ।
ਅਮਰੀਕੀ ਅਰਥਚਾਰੇ ਨੂੰ ਕਈ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ, ਈਰਾਨ ਜੰਗ ਕਾਰਨ ਗੈਸ ਦੀਆਂ ਕੀਮਤਾਂ ਵਿੱਚ ਉਛਾਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਭਾਰੀ ਨਿਵੇਸ਼ ਸ਼ਾਮਲ ਹੈ ਜਿਸ ਕਾਰਨ ਕੰਪਿਊਟਰ ਚਿਪਸ ਮਹਿੰਗੀਆਂ ਹੋਈਆਂ ਹਨ। ਭੋਜਨ ਅਤੇ ਊਰਜਾ ਦੀਆਂ ਅਸਥਿਰ ਕੀਮਤਾਂ ਨੂੰ ਛੱਡ ਕੇ ਕੋਰ ਮਹਿੰਗਾਈ ਦਰ ਵੀ ਜੂਨ ਦੇ 2.6 ਫੀਸਦੀ ਤੋਂ ਘਟ ਕੇ ਜੁਲਾਈ ਵਿੱਚ 2.5 ਫੀਸਦੀ ਰਹਿ ਗਈ ਹੈ। ਇਸ ਰਾਹਤ ਕਾਰਨ ਫੈਡਰਲ ਰਿਜ਼ਰਵ ਆਪਣੀ ਮੁੱਖ ਵਿਆਜ ਦਰ ਨੂੰ 3.6 ਫੀਸਦੀ ‘ਤੇ ਬਰਕਰਾਰ ਰੱਖ ਸਕਦਾ ਹੈ। ਅਮਰੀਕੀ ਨਾਗਰਿਕ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਹੀ ਆਯਾਤ ਟੈਰਿਫਾਂ ਕਾਰਨ ਵਧੀ ਮਹਿੰਗਾਈ ਨਾਲ ਜੂਝ ਰਹੇ ਹਨ। ਮਹਿੰਗਾਈ ਘਟਣ ਦਾ ਇੱਕ ਮੁੱਖ ਕਾਰਨ ਅਮਰੀਕਾ ਈਰਾਨ ਜੰਗ ਵਿੱਚ ਜੰਗਬੰਦੀ ਹੋਣ ਤੋਂ ਬਾਅਦ ਗੈਸ ਦੀਆਂ ਕੀਮਤਾਂ ਵਿੱਚ ਆਈ ਕਮੀ ਹੈ। ਹਾਲਾਂਕਿ ਜੁਲਾਈ ਦੇ ਅਖੀਰ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਗੈਸ ਦੀਆਂ ਕੀਮਤਾਂ ਮੁੜ ਵਧੀਆਂ ਹਨ ਜਿਸ ਕਾਰਨ ਅਗਲੇ ਮਹੀਨੇ ਦੀ ਰਿਪੋਰਟ ਵਿੱਚ ਮਹਿੰਗਾਈ ਮੁੜ ਵਧਣ ਦਾ ਖਦਸ਼ਾ ਹੈ। ਏ ਏ ਏ ਅਨੁਸਾਰ ਬੁੱਧਵਾਰ ਨੂੰ ਦੇਸ਼ ਭਰ ਵਿੱਚ ਗੈਸ ਦੀ ਔਸਤ ਕੀਮਤ 4.04 ਡਾਲਰ ਪ੍ਰਤੀ ਗੈਲਨ ਰਹੀ ਜੋ ਪਿਛਲੇ ਮਹੀਨੇ ਨਾਲੋਂ 16 ਸੈਂਟ ਵੱਧ ਹੈ। ਸਿਹਤ ਸੰਭਾਲ, ਰੈਸਟੋਰੈਂਟ ਅਤੇ ਕਾਰ ਮੁਰੰਮਤ ਵਰਗੀਆਂ ਸੇਵਾਵਾਂ ਦੀ ਲਾਗਤ ਵਿੱਚ ਸਾਲਾਨਾ 3 ਫੀਸਦੀ ਤੋਂ ਵੱਧ ਦਾ ਵਾਧਾ ਹੋ ਰਿਹਾ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਆਮਦਨ ਮਹਿੰਗਾਈ ਦਾ ਸਾਹਮਣਾ ਕਰਨ ਲਈ ਓਨੀ ਤੇਜ਼ੀ ਨਾਲ ਨਹੀਂ ਵਧ ਰਹੀ ਜਿੰਨੀ ਤੇਜ਼ੀ ਨਾਲ ਕੰਪਨੀਆਂ ਆਪਣੇ ਖਰਚੇ ਪੂਰੇ ਕਰਨ ਲਈ ਕੀਮਤਾਂ ਵਧਾ ਰਹੀਆਂ ਹਨ। This report was written by Ekjot Singh as part of the Local Journalism Initiative.
ਅਮਰੀਕਾ ਵਿੱਚ ਮਹਿੰਗਾਈ ਦਰ ਨੂੰ ਮਿਲੀ ਮਾਮੂਲੀ ਰਾਹਤ, ਜੁਲਾਈ ਵਿੱਚ ਗੈਸ ਦੀਆਂ ਕੀਮਤਾਂ ਘਟੀਆਂ

