15.6 C
Vancouver
Monday, September 7, 2026

ਸਿੱਖ ਕਾਰਕੁਨ ਮਨਿੰਦਰ ਸਿੰਘ ਨੂੰ ਧਮਕੀਆਂ ਦਾ ਮਾਮਲਾ, ਸੰਯੁਕਤ ਰਾਸ਼ਟਰ ਦੇ ਮਾਹਰਾਂ ਨੇ ਕੈਨੇਡਾ ਤੋਂ ਮੰਗੇ ਜਵਾਬ

ਵੈਨਕੂਵਰ : ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਨੇ ਕੈਨੇਡਾ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ ਦੇ ਆਲੋਚਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਕਾਰਕੁਨ ਦੀ ਜਾਨ ਨੂੰ ਮਿਲ ਰਹੀਆਂ ਧਮਕੀਆਂ ਦੀ ਜਾਂਚ ਵਿੱਚ ਤੇਜ਼ੀ ਲਿਆਵੇ। ਸੰਯੁਕਤ ਰਾਸ਼ਟਰ ਦੇ 5 ਵਿਸ਼ੇਸ਼ ਪ੍ਰਤੀਨਿਧੀਆਂ ਨੇ ਓਟਾਵਾ ਨੂੰ ਪੱਤਰ ਲਿਖ ਕੇ ਮਨਿੰਦਰ ਸਿੰਘ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਹਨ ਜਿਸਨੂੰ ਕੈਨੇਡੀਅਨ ਪੁਲਿਸ ਨੇ ਕਈ ਵਾਰ ਖਤਰੇ ਬਾਰੇ ਸੁਚੇਤ ਕੀਤਾ ਹੈ। ਸਾਂਝੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਧਮਕੀਆਂ ਭਾਰਤ ਵੱਲੋਂ ਸਿੰਘ ਨੂੰ ਉਸਦੀ ਵਕਾਲਤ ਅਤੇ ਸੰਯੁਕਤ ਰਾਸ਼ਟਰ ਨਾਲ ਸਹਿਯੋਗ ਕਾਰਨ ਡਰਾਉਣ ਦੀ ਕੋਸ਼ਿਸ਼ ਹੋ ਸਕਦੀਆਂ ਹਨ।
ਨੌਂ ਪੰਨਿਆਂ ਦੇ ਇਸ ਦਸਤਾਵੇਜ਼ ਵਿੱਚ ਕੈਨੇਡਾ ਨੂੰ ਇਸ ਮਾਮਲੇ ਨਾਲ ਨਜਿੱਠਣ ਬਾਰੇ ਕਈ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਿੰਘ ਨੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵਿੱਚ ਕਈ ਭਾਸ਼ਣ ਦਿੱਤੇ ਸਨ ਅਤੇ ਪੁਲਿਸ ਵੱਲੋਂ ਫੜੀਆਂ ਗਈਆਂ ਉਸਦੀ ਹੱਤਿਆ ਦੀਆਂ ਕੁਝ ਸਾਜ਼ਿਸ਼ਾਂ ਉਹਨਾਂ ਭਾਸ਼ਣਾਂ ਦੇ ਸਮੇਂ ਨਾਲ ਮੇਲ ਖਾਂਦੀਆਂ ਸਨ। ਮਾਹਰਾਂ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੰਘ ਅਤੇ ਉਸਦੇ ਪਰਿਵਾਰ ਦੀ ਰੱਖਿਆ ਕਰਨ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ। ਸਿੱਖ ਫੈਡਰੇਸ਼ਨ ਆਫ ਕੈਨੇਡਾ ਦੇ ਆਗੂ ਮਨਿੰਦਰ ਸਿੰਘ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਕੱਟੜ ਆਲੋਚਕ ਅਤੇ ਖਾਲਿਸਤਾਨ ਵੱਖਵਾਦੀ ਲਹਿਰ ਦੇ ਸਮਰਥਕ ਹਨ।
ਪੁਲਿਸ ਨੇ ਸਰੀ ਨਿਵਾਸੀ ਸਿੰਘ ਨੂੰ 4 ਵਾਰ ਸੂਚਿਤ ਕੀਤਾ ਹੈ ਕਿ ਉਹਨਾਂ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਹੈ ਕਿ ਉਸਦੀ ਜਾਨ ਨੂੰ ਖਤਰਾ ਹੈ। ਪਹਿਲੀ ਚਿਤਾਵਨੀ ਜੁਲਾਈ 2022 ਵਿੱਚ ਦਿੱਤੀ ਗਈ ਸੀ ਜਦੋਂ ਪੁਲਿਸ ਨੇ ਉਸਦੇ ਕਰੀਬੀ ਦੋਸਤ ਹਰਦੀਪ ਸਿੰਘ ਨਿੱਝਰ ਨੂੰ ਵੀ ਅਜਿਹੀ ਹੀ ਚਿਤਾਵਨੀ ਦਿੱਤੀ ਸੀ। 18 ਜੂਨ 2023 ਨੂੰ ਨਿੱਝਰ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸਦੇ ਪਿੱਛੇ ਕੈਨੇਡੀਅਨ ਅਧਿਕਾਰੀਆਂ ਨੂੰ ਭਾਰਤ ਦਾ ਹੱਥ ਹੋਣ ਦਾ ਸ਼ੱਕ ਹੈ। ਕੈਨੇਡਾ ਨੇ 2024 ਵਿੱਚ 6 ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਜਿਨ੍ਹਾਂ ਉੱਤੇ ਭਾਈਚਾਰੇ ਦੇ ਮੈਂਬਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨੈੱਟਵਰਕ ਰਾਹੀਂ ਅਪਰਾਧ ਕਰਵਾਉਣ ਦਾ ਦੋਸ਼ ਸੀ। ਹਾਲਾਂਕਿ 2025 ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਪਾਰਕ ਭਾਈਵਾਲਾਂ ਦੀ ਭਾਲ ਵਿੱਚ ਭਾਰਤ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ।

ਰੁਝਾਨ ਖਬਰਾਂ