ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ): ਜੁਲਾਈ-ਅਗਸਤ ਵਿੱਚ ਕਨੇਡਾ ਦੀ ਧਰਤੀ ‘ਤੇ ਪੰਜਾਬੀ ਮੇਲਿਆਂ ਦੀ ਭਰਮਾਰ ਹੁੰਦੀ ਹੈ। ਇਹ ਮੇਲੇ ਲੋਅਰ ਮੇਨਲੈਂਡ ਦੇ ਵੱਖਰੇ-ਵੱਖਰੇ ਸ਼ਹਿਰਾਂ ਵਿੱਚ ਲਗਾਏ ਜਾਂਦੇ ਹਨ। ਵੈਨਕੂਵਰ ਦਾ ਪੰਜਾਬੀ ਮੇਲਾ ਪਿਛਲੇ ਕਈ ਸਾਲਾਂ ਤੋਂ ਜੁਲਾਈ-ਅਗਸਤ ਦੇ ਮਹੀਨੇ ਕਰਵਾਇਆ ਜਾਂਦਾ ਹੈ। ਇਸ ਵਿੱਚ ਪੰਜਾਬ ਤੋਂ ਨਾਮਵਾਰ ਗਾਇਕ ਸੱਦ ਕੇ ਦਰਸ਼ਕਾਂ ਦਾ ਮਨ ਪ੍ਰਚਾਵਾ ਕੀਤਾ ਜਾਂਦਾ ਹੈ ਜਿਸ ਨਾਲ ਉਦਾਸੇ ਮਨਾਂ ਨੂੰ ਖੁਸ਼ੀ ਮਿਲਦੀ ਹੈ ਤੇ ਉਹ ਬਾਗੋ-ਬਾਗ ਹੋ ਜਾਂਦੇ ਹਨ। 2 ਅਗਸਤ ਐਤਵਾਰ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਮੋਬਰਲੀ ਪਾਰਕ ਵੈਨਕੂਵਰ ਦੇ ਮੋਬਰਲੀ ਪਾਰਕ ‘ਤੇ ਰੌਸ ਸਟਰੀਟ ‘ਤੇ ਮਨਾਇਆ ਗਿਆ। ਇਸ ਵਿੱਚ ਪੰਜਾਬ ਤੋਂ ਕਲਾਕਾਰਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਲਾਲ ਚੰਦ ਯਮਲੇ ਜੱਟ ਦੇ ਪੋਤਰੇ ਵਿਜੇ ਯਮਲੇ ਨੇ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ’ ਨਾਲ ਸ਼ੁਰੂਆਤ ਕਰਕੇ ਦਰਸ਼ਕਾਂ ਦੀ ਵਾਹਵਾ ਖੱਟੀ। ਇਸ ਤੋਂ ਇਲਾਵਾ ਸੁਰਮਨੀ ਲੇਡੀ ਸਿੰਗਰ ਨੇ ਬੀਬੀਆਂ ਨੂੰ ਡਾਂਸ ਫਲੌਰ ‘ਤੇ ਨੱਚਣ ਲਾ ਦਿੱਤਾ, ਸਾਹਿਤਕ ਗੀਤਾਂ ਦੀ ਝੜੀ ਲਾ ਦਿੱਤੀ। ਮਲਿਕਾ-ਜੋਤੀ ਭੈਣਾਂ ਨੇ ਸਟੇਜ ‘ਤੇ ਅਜਿਹਾ ਰੰਗ ਬੰਨ੍ਹਿਆ ਕਿ ਦਰਸ਼ਕ ਨੇ ਡਾਲਰਾਂ ਦੀ ਝੜੀ ਲਾ ਦਿੱਤੀ।

