ਵੈਨਕੂਵਰ (ਏਕਜੋਤ ਸਿੰਘ): ਓਕਾਨਾਗਨ ਇੰਡੀਅਨ ਬੈਂਡ ਦੇ ਮੁਖੀ ਦਾ ਕਹਿਣਾ ਹੈ ਕਿ ਬ੍ਰੈਡਲੀ ਕਰੀਕ ਦੀ ਭਿਆਨਕ ਜੰਗਲੀ ਅੱਗ ਕਾਰਨ ਲਗਭਗ 230 ਘਰ ਸੜ ਕੇ ਸੁਆਹ ਹੋ ਗਏ ਹਨ। ਵਰਨੌਨ ਦੇ ਪੱਛਮ ਵੱਲ ਬਲ ਰਹੀ ਇਹ ਅੱਗ 31 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ ਹੁਣ ਇਹ 2852 ਹੈਕਟੇਅਰ ਖੇਤਰ ਵਿੱਚ ਫੈਲ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 1 ਅਗਸਤ ਨੂੰ ਇਲਾਕੇ ਵਿੱਚੋਂ ਇੱਕ ਠੰਡਾ ਤੂਫਾਨ ਲੰਘਣ ਕਾਰਨ ਹਵਾਵਾਂ ਤੇਜ਼ ਹੋ ਗਈਆਂ ਸਨ ਜਿਸ ਨਾਲ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਮੁਖੀ ਡੈਨ ਵਿਲਸਨ ਨੇ ਕਿਹਾ ਕਿ ਉਹਨਾਂ ਦੇ ਭਾਈਚਾਰੇ ਲਈ ਇਹ ਬਹੁਤ ਭਾਰੀ ਨੁਕਸਾਨ ਹੈ ਕਿਉਂਕਿ ਲੋਕਾਂ ਨੇ ਆਪਣੇ ਘਰ ਪਰਿਵਾਰਕ ਇਤਿਹਾਸ ਅਤੇ ਜ਼ਿੰਦਗੀ ਭਰ ਦੀਆਂ ਯਾਦਾਂ ਗੁਆ ਦਿੱਤੀਆਂ ਹਨ। ਮੁਖੀ ਵਿਲਸਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਭਾਈਚਾਰੇ ਨੇ ਆਪਣੇ ਇਤਿਹਾਸ ਦੀਆਂ ਸਭ ਤੋਂ ਵਿਨਾਸ਼ਕਾਰੀ ਘਟਨਾਵਾਂ ਵਿੱਚੋਂ ਇੱਕ ਦਾ ਸਾਹਮਣਾ ਕੀਤਾ ਹੈ। ਬਹੁਤ ਸਾਰੇ ਪਰਿਵਾਰਾਂ ਨੂੰ ਮਜਬੂਰਨ ਆਪਣੇ ਘਰ ਛੱਡਣੇ ਪਏ ਹਨ ਅਤੇ ਕਈ ਲੋਕ ਆਪਣਾ ਸਭ ਕੁਝ ਗੁਆ ਚੁੱਕੇ ਹਨ। ਉਹਨਾਂ ਅਨੁਸਾਰ ਅਜੇ ਵੀ ਕਈ ਲੋਕ ਇਹ ਜਾਣਨ ਦੀ ਉਡੀਕ ਕਰ ਰਹੇ ਹਨ ਕਿ ਉਹਨਾਂ ਦੀਆਂ ਜਾਇਦਾਦਾਂ ਦਾ ਕੀ ਬਚਿਆ ਹੈ। ਸਥਿਤੀ ਦਾ ਸਹੀ ਅੰਦਾਜ਼ਾ ਲਗਾਉਣ ਵਿੱਚ ਅਜੇ ਕਈ ਦਿਨ ਲੱਗਣਗੇ। ਵਿਲਸਨ ਮੁਤਾਬਕ ਲਗਭਗ 30 ਬੈਂਡ ਮੈਂਬਰ ਅਤੇ 200 ਦੇ ਕਰੀਬ ਗੈਰ ਬੈਂਡ ਮੈਂਬਰ ਆਪਣੇ ਘਰ ਗੁਆ ਚੁੱਕੇ ਹਨ। ਬੀਸੀ ਵਾਈਲਡਫਾਇਰ ਸਰਵਿਸ ਦੇ ਜੈੱਫ ਡਨ ਨੇ ਦੱਸਿਆ ਕਿ ਇਹ ਅੱਗ ਹੁਣ ਉੱਤਰ ਪੱਛਮ ਦਿਸ਼ਾ ਵੱਲ ਵੱਧ ਰਹੀ ਹੈ। ਹਾਲਾਂਕਿ ਅੱਗ ਅਜੇ ਓਕਾਨਾਗਨ ਝੀਲ ਦੇ ਪਾਰ ਨਹੀਂ ਪਹੁੰਚੀ ਹੈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਅੱਗ ਕਾਰਨ ਵੈਸਟਸਾਈਡ ਰੋਡ ਅਤੇ ਹਾਈਵੇਅ 97 ਉੱਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। This report was written by Ekjot Singh as part of the Local Journalism Initiative.

