15.6 C
Vancouver
Monday, September 7, 2026

ਰਣਜੀਤ ਸਿੰਘ ਨੂੰ ਖ਼ਤ

– ਸ਼ਹਿਬਾਜ ਸਿੰਘ ਸੰਧੂ
ਅੱਜ 27 ਜੂਨ 2024 ਨੂੰ ਤੈਂਨੂੰ ਗਿਆਂ 185 ਵਰੇ ਹੋ ਗਏ। ਹਰ ਰੋਜ ਤੇਰੇ ਬਾਰੇ, ਤੇਰੇ ਰਾਜ ਬਾਰੇ ਪੜਨ ਤੇ ਪਰਚਾਰਨ ਦੀ ਕੋਸ਼ਿਸ਼ ਕਰਦੇ ਨੇ ਤੇਰੇ ਵਾਰਿਸ। ਤੂੰ ਜੋ ਰਾਜ ਕਮਾ ਕੇ ਗਿਆ, ਅੱਜ ਓਹਨੂੰ ਗੋਰੇ ਵੀ ਸਿਜਦਾ ਕਰਦੇ ਨੇ । ਹਰ ਦੂਜੇ ਸਾਲ ਅਖਬਾਰਾਂ, ਰਸਾਲਿਆਂ ‘ਚ ਤੇਰੇ ਰਾਜ ਦੀਆਂ ਬਾਤਾਂ ਪਾਓਂਦੇ ਨੇ। ਕਦੇ ਤੈਨੂੰ ਦੁਨੀਆ ਦਾ ਸਭ ਤੋਂ ਸਰਬੋਤਮ ਬਾਦਸ਼ਾਹ ਕਹਿੰਦੇ ਨੇ, ਤੇ ਕਦੇ ਤੇਰੇ ਜਰਨੈਲਾਂ ਨੂੰ ਦੁਨੀਆ ਦੇ ਸਭ ਤੋਂ ਜੋਰਾਵਰ ਤੇ ਬਹਾਦਰ।
ਐਸਾ ਕੀ ਸੀ ਓਸ ਸਮੇਂ ਦੀ ਹਵਾ ਵਿੱਚ? ਜਿਹਨੇ ਤੈਨੂੰ ਇਹਨਾ ਬਾਹੂਬਲ ਬਕਸ਼ਿਆ? ਹਜਾਰਾਂ ਸਾਲ ਤੱਕ ਲੁੱਟਣ ਵਾਲੇ ਪਠਾਣਾਂ ਨੂੰ ਤੇਰੇ ਜਰਨੈਲਾਂ ਨੇ ਖੁੱਡਾਂ ‘ਚ ਵਾੜਤਾ। ਮੁਗਲਾਂ ਦੇ ਤਖਤ ਧੂਹ ਕੇ ਗੁਰੂ ਦੇ ਚਰਨਾਂ ‘ਚ ਭੇਟ ਕੀਤੇ। ਸੱਤ ਸਮੁੰਦਰੋਂ ਪਾਰ ਆਇਆ ਗੋਰਾ ਵੀ ਇਸ ਖਾਲਸੇ ਦੇ ਇਸ ਜਲਾਲ ਨਾਲ ਟੱਕਰ ਲੈਣ ਤੋਂ ਹੱਥ ਖੜੇ ਕਰ ਗਿਆ। ਪਰ ਫਿਰ ਇੱਕ ਦਮ ਕੀ ਹੋ ਗਿਆ? ਬਸ ਤੇਰੇ ਮੰਜੇ ਤੇ ਪੈਣ ਦੀ ਦੇਰ ਸੀ ਕਿ ੩0 ਰੁਪਿਆ ਮਹੀਨਾ ਤਨਖਾਹ ਤੇ ਭਰਤੀ ਕਿਤੇ ਡੋਗਰਿਆਂ ਨੇ ਤੇਰੇ ਵਾਰਸਾਂ ਨੂੰ ਅੱਖਾਂ ਕੱਡਣੀਆਂ ਸੁਰੂ ਕਰਤੀਆਂ। ਜੋ ਤੇਰੇ ਅੱਗੇ ਕਦੇ ਅੱਖ ਨੀ ਸੀ ਚੱਕ ਸਕਦੇ, ਓਹਨਾਂ ਤੇਰੇ ਹੀ ਭਰਾਵਾਂ ਤੋਂ ਤੇਰੇ ਪੁੱਤ ਮਰਵਾ ਦਿੱਤੇ।
ਆਂਡ- ਗੁਆਂਡ ਦੀਆਂ ਤਾਕਤਾਂ ਤਾਂ ਤੇਰੇ ਨਾਲ ਮੱਥਾ ਲਾ ਨਾਂ ਸਕੀਆਂ ਪਰ ਜੇ ਤੈਨੂੰ ਕਿਸੇ ਮਾਰਿਆ ਤਾਂ ਡੋਗਰੀ ਸਿਓਂਕ ਨੇ, ਤੇ ਤੇਰੇ ਰਾਜ ਨੂੰ ਕਮਜੋਰ ਵਾਰਸਾਂ ਨੇ। ਜਿਨਾਂ ਜੰਗ ਦੇ ਮੈਦਾਨ ਤਾਂ ਬਹੁਤ ਆਹੂ ਲਾਹੇ ਪਰ ਸਿਆਸਤ ਦੇ ਕਾਬਿਲ ਨਾ ਸਨ। ਤੇਰੇ ਜਾਣ ਪਿਛੋਂ ਤੇਰੇ 7 ਪੁੱਤਰ ਤਖਤ ਦੇ ਵਾਰਸ ਰਹੇ, ਕਦੇ ਜੋਰ ਨਾਲ ਤੇ ਕਦੇ ਕੂਟਨੀਤੀ ਨਾਲ ਸਾਰੇ ਤਖਤ ਸਾਂਭਣ ਦੇ ਚਾਹਵਾਨ ਸਨ। ਵਾਰੀ ਜਗਤੇ ਦੀ ਵੀ ਆਈ ਤੇ ਭਗਤੇ ਦੀ ਵੀ। ਤੇਰੇ ੩ ਪੁੱਤਰਾਂ ਤੇ ੧ ਪੋਤਰੇ ਨੇ ਰਾਜ ਕੀਤਾ ਵੀ ਪਰ ਅੰਤ ਕੀ ਹੋਇਆ? ਇਹ ਤੂੰ ਤਾਂ ਨਹੀਂ , ਪਰ ਅਸੀਂ ਪੰਜਾਬੀ ਜਾਣਦੇ ਹਾਂ। ਤੇਰਾ ਪਰਿਵਾਰ ਖਤਮ ਹੋਇਆ ਰਣਜੀਤ ਸਿਆਂ..। ਕੌਮ ਦੀ ਬਾਤ ਪੁੱਛਣ ਵਾਲਾ ਕੋਈ ਨਹੀਂ ਆਇਆ। ਜਿਹੜੇ ਗੋਰੇ ਤੈਨੂੰ ਮਿਲਣ ਆਉਣ ਲੱਗੇ ਹਜਾਰਾਂ ਪੇਸ਼ਕਸ਼ਾਂ ਰੱਖਦੇ, ਓਹਨਾਂ ਨੇ ਤੇਰੇ ਜਾਣ ਤੋਂ ੧੦ ਸਾਲ ਬਾਦ ਤੇਰਾ ਰਾਜ ਭਾਗ ਖੋਹ ਲਿਆ। ਤੇਰਾ ਅਖੀਰਲਾ ਵਾਰਿਸ ਓਹਨਾਂ ਈਸਾਈ ਬਣਾ ਲਿਆ , ੧੦ ਸਾਲਾਂ ‘ਚ ਤੇਰਾ ਸਾਰਾ ਪਰਿਵਾਰ ਤੇ ਫਿਰ ਪੰਜਾਬ ਊਜੜ ਗਿਆ।
ਕੌਮ ਦੀ ਅਗਵਾਹੀ ਕਰਨ ਵਾਲਾ ਕੋਈ ਨਹੀਂ ਆਇਆ। ਸਾਡੇ ਗੁਰੂਘਰਾਂ ਤੇ ਫਿਰੰਗਿਆਂ ਕਬਜੇ ਕਰਕੇ ਪੰਡਿਤ, ਮਹੰਤ ( ਮਸੰਦ ) ਬੈਠਾ ਦਿੱਤੇ ਤੇ ਜਾਤ-ਪਾਤ ਵਰਗੇ ਕੋਹੜ ਨੂੰ ਸਿੱਖੀ ‘ਚ ਫਿਰ ਵਾੜ ਦਿੱਤਾ। ਸਾਡੀਆਂ ਲਿਖਤਾਂ ਸਾੜ ਦਿੱਤੀਆਂ। ਪੰਜਾਬੀ ਕਾਸੇ ਜੋਗੇ ਨਾ ਰਹੇ। ਤੇਰੇ ਪਾਲਤੂ ਡੋਗਰਿਆਂ ਨੇ ਤੇਰੇ ਰਾਜ ਦਾ ਵੱਡਾ ਹਿੱਸਾ ੭੫ ਲੱਖ ‘ਚ ਗੋਰਿਆਂ ਨੂੰ ਵੇਚ ਦਿੱਤਾ ਤੇ ਫਿਰ ਓਹਨਾਂ ਦੀ ਚਾਕਰੀ ਕਰ ਲਈ। ੫੦-੧੦੦ ਸਾਲ ‘ਚ ਖਾਲਸਾ ਰਾਜ ਕੀ ਸੀ ਲੋਕ ਇਹ ਵੀ ਭੁੱਲਾ ਗਏ। ਤੇ ਅੱਜ ਹਾਲਾਤ ਇਹ ਨੇ ਤੇਰੇ ਪੰਜਾਬ ਦੇ ੨ ਟੋਟੇ ਕਰਕੇ ੨ ਹਕੂਮਤਾਂ ਨੇ ਆਪਸ ‘ਚ ਵੰਡ ਲਏ। ਪੰਜਾਬੀਆਂ ਹੱਥੋਂ ਪੰਜਾਬੀਆਂ ਦੇ ਹੀ ਕਤਲ ਕਰਵਾਏ।
ਤੇ ਅੱਜ ਤੇਰੇ ਰਾਜ ਦਾ ਸੂਰਜ ਅਸਤ ਹੋਣ ਤੋਂ 175 ਸਾਲ ਬਾਦ ਜੇ ਕੋਈ ਆਵਦੇ ਰਾਜ ਦੀ ਗੱਲ ਕਰੇ ਤਾਂ ਓਸਨੂੰ ‘ਅੱਤਵਾਦੀ’ ਤੇ ‘ਗੱਦਾਰ’ ਕਿਹਾ ਜਾਂਦਾ। ਅੱਗੋਂ ਉਹ ਵਿਚਾਰਾ ਮਿੰਨਤਾਂ ਕਰਦਾ ਕਿ ‘ਨਾ ਜੀ ਨਾ ਮੈਨੂੰ ਤੁਸੀਂ ਇਹ ਨਾ ਕਹੋ ਮੈਂ ਤਾਂ ਸੱਚਾ ਤੁਹਾਡੇ ਦੇਸ ਲਈ ਮੈਂ ਤਾਂ ਜਾਨ ਵੀ ਦੇ ਸਕਦਾ।’ ਇਹ ਸਭ ਉਹ ਓਦੋਂ ਕਹਿੰਦਾ ਜਦੋਂ ਤੀਜੀ ਵਾਰ ਅਕਾਲ ਤਖਤ ਤੇ ਹਮਲਾ ਕਰਕੇ ਕੌਮ ਦਾ ਕਤਲਿਆਮ ਕੀਤਾ ਗਿਆ।
ਹਰ ਸਾਲ 27 ਜੂਨ ਤੇ 13 ਨਵੰਬਰ ਨੂੰ ਯਾਦ ਕਰਕੇ ਕੌਮ ਦੇ ਲੀਡਰ ਇਹ ਦਸਦੇ ਹਨ ਕਿ “ ਇੱਕ ਸਮਾਂ ਸੀ ਜਦੋਂ ਪੰਜਾਬ ਤੇ ਸਾਡੇ ਵਡੇਰਿਆਂ ਨੇ ਰਾਜ ਕੀਤਾ ਸੀ, ਓਹ ਰਾਜ ਬਹੁਤ ਵਿਸ਼ਾਲ ਸੀ ਜੀ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਅਸੀਂ ਵੀ ਓਹਨਾਂ ਵਰਗਾ ਰਾਜ ਕਮਾ ਸਕੀਏ। ਇਸ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਸਾਡੇ ਫਲਾਣਾ ਸਿੰਘ ਨੂੰ ਵੋਟਾਂ ਪਾਕੇ ਜਿਤਾਓ ਤਾਂ ਕਿ ਅਸੀਂ ਗੁਰੂ ਸਾਹਿਬ ਦੀ ਬੇ-ਅਦਬੀਆਂ ਦਾ ਇਨਸਾਫ ਦਵਾ ਸਕੀਏ।”
ਇਸਤੋਂ ਅੱਗੇ ਅੱਜ ਦੇ ਹਾਲਾਤ ਲਿਖਣ ਲੱਗਿਆਂ ਤਾਂ ਸ਼ਰਮ ਹੀ ਆ ਰਹੀ ਹੈ ਮਹਾਰਾਜਾ ਸਾਹਿਬ। ਸੱਚੇ ਪਾਤਸ਼ਾਹ ਤੁਹਾਡੀ ਰੂਹ ਨੂੰ ਚਰਨਾਂ ‘ਚ ਨਿਵਾਸ ਬਖਸ਼ੇ।
ਵੱਲੋਂ- ਗੋਰਿਆਂ ਦੀ ਬੁੱਕਲ ‘ਚ
ਬੈਠੇ ਉਜੜੇ ਹੋਏ ਪੰਜਾਬੀ।
– ਸ਼ਹਿਬਾਜ ਸਿੰਘ ਸੰਧੂ

ਰੁਝਾਨ ਖਬਰਾਂ