15.6 C
Vancouver
Monday, September 7, 2026

ਯੂ.ਬੀ.ਸੀ. ਦੇ ਵਿਗਿਆਨੀਆਂ ਨੇ ਫਲਾਂ ਨੂੰ ਤਾਜ਼ਾ ਰੱਖਣ ਲਈ ਬਣਾਇਆ ਖਾਸ ਖਾਣ ਯੋਗ ਕੋਟਿੰਗ

ਵੈਨਕੂਵਰ (ਏਕਜੋਤ ਸਿੰਘ): ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਖੋਜਕਰਤਾਵਾਂ ਨੇ ਇੱਕ ਅਜਿਹਾ ਖਾਣ ਯੋਗ ਕੋਟਿੰਗ ਤਿਆਰ ਕੀਤਾ ਹੈ ਜੋ ਸਮੁੰਦਰੀ ਬੂਟੀਆਂ ਤੋਂ ਬਣਾਇਆ ਗਿਆ ਹੈ। ਇਹ ਕੋਟਿੰਗ ਸਟ੍ਰਾਬੇਰੀ ਵਰਗੇ ਫਲਾਂ ਨੂੰ ਕਮਰੇ ਦੇ ਤਾਪਮਾਨ ਉੱਤੇ ਘੱਟੋ ਘੱਟ ਚਾਰ ਦਿਨਾਂ ਤੱਕ ਤਾਜ਼ਾ ਰੱਖ ਸਕਦਾ ਹੈ, ਜੋ ਕਿ ਫਰਿੱਜ ਵਿੱਚ ਬਿਨਾਂ ਕੋਟਿੰਗ ਵਾਲੀਆਂ ਸਟ੍ਰਾਬੇਰੀਆਂ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕਰਦਾ ਹੈ। ਇਹ ਖੋਜ ਭੋਜਨ ਉਦਯੋਗ ਦੀਆਂ ਸਭ ਤੋਂ ਲਗਾਤਾਰ ਚੁਣੌਤੀਆਂ ਵਿੱਚੋਂ ਇੱਕ ਭੋਜਨ ਦੀ ਬਰਬਾਦੀ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਕੈਨੇਡਾ ਵਿੱਚ ਪੈਦਾ ਹੋਣ ਵਾਲੇ ਭੋਜਨ ਦਾ ਲਗਭਗ ਅੱਧਾ ਹਿੱਸਾ ਖਰਾਬ ਹੋ ਜਾਂਦਾ ਹੈ ਜਿਸ ਨਾਲ ਅਰਥਵਿਵਸਥਾ ਨੂੰ ਸਾਲਾਨਾ ਅੰਦਾਜ਼ਨ 58 ਬਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ।
ਇਹ ਖੋਜ ਜਰਨਲ ਆਫ ਐਗਰੀਕਲਚਰਲ ਐਂਡ ਫੂਡ ਕੈਮਿਸਟਰੀ ਵਿੱਚ ਪ੍ਰਕਾਸ਼ਿਤ ਹੋਈ ਹੈ। ਯੂਬੀਸੀ ਦੀ ਫੈਕਲਟੀ ਆਫ ਲੈਂਡ ਐਂਡ ਫੂਡ ਸਿਸਟਮਜ਼ ਦੀ ਅਸਿਸਟੈਂਟ ਪ੍ਰੋਫੈਸਰ ਡਾ. ਤਿਆਨਕਸੀ ਯਾਂਗ ਨੇ ਦੱਸਿਆ ਕਿ ਉਹ ਕੋਲਡ ਸਟੋਰੇਜ ਦਾ ਇੱਕ ਸਧਾਰਨ ਬਦਲ ਲੱਭਣਾ ਚਾਹੁੰਦੇ ਸਨ। ਇਹ ਕੋਟਿੰਗ ਅਗਰ ਨਾਮਕ ਪਦਾਰਥ ਤੋਂ ਬਣਾਈ ਗਈ ਹੈ ਜੋ ਲਾਲ ਸਮੁੰਦਰੀ ਬੂਟੀਆਂ ਤੋਂ ਪ੍ਰਾਪਤ ਹੁੰਦਾ ਹੈ। ਜਦੋਂ ਖੋਜਕਰਤਾਵਾਂ ਨੇ ਇਸ ਨੂੰ ਜ਼ਿੰਕ ਅਤੇ ਟੈਨਿਕ ਐਸਿਡ ਨਾਲ ਮਿਲਾਇਆ ਤਾਂ ਇਸ ਨੇ ਫਲ ਦੇ ਆਲੇ ਦੁਆਲੇ ਇੱਕ ਪਤਲੀ ਸੁਰੱਖਿਆ ਪਰਤ ਬਣਾ ਦਿੱਤੀ। ਇਸ ਕੋਟਿੰਗ ਨੂੰ ਖਾਧਾ ਵੀ ਜਾ ਸਕਦਾ ਹੈ ਅਤੇ ਇਹ ਫਲਾਂ ਦੀ ਦਿੱਖ ਨੂੰ ਵੀ ਖਰਾਬ ਨਹੀਂ ਕਰਦੀ।
ਖੋਜਕਰਤਾ ਆਈਵੀ ਚਿਊ ਨੇ ਦੱਸਿਆ ਕਿ ਚਾਰ ਦਿਨਾਂ ਬਾਅਦ ਵੀ ਕੋਟਿਡ ਸਟ੍ਰਾਬੇਰੀਆਂ ਵਿੱਚ ਪਾਣੀ ਦੀ ਕਮੀ ਬਹੁਤ ਘੱਟ ਹੋਈ ਸੀ ਅਤੇ ਇਨ੍ਹਾਂ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵੀ ਬਰਕਰਾਰ ਸਨ। ਜਦਕਿ ਬਿਨਾਂ ਕੋਟਿੰਗ ਵਾਲੀਆਂ ਸਟ੍ਰਾਬੇਰੀਆਂ ਦੋ ਦਿਨਾਂ ਵਿੱਚ ਹੀ ਉੱਲੀ ਦਾ ਸ਼ਿਕਾਰ ਹੋਣ ਲੱਗੀਆਂ। ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਕੋਟਿੰਗ ਦਾ ਕਾਰਬਨ ਫੁੱਟਪ੍ਰਿੰਟ ਆਮ ਰੈਫ੍ਰਿਜਰੇਸ਼ਨ ਦੇ ਮੁਕਾਬਲੇ 14 ਫੀਸਦੀ ਘੱਟ ਹੈ।

ਰੁਝਾਨ ਖਬਰਾਂ