16.3 C
Vancouver
Monday, September 7, 2026

ਮੈਟਰੋ ਵੈਨਕੂਵਰ ਵੱਲੋਂ 40 ਕਲਾ ਅਤੇ ਸੱਭਿਆਚਾਰਕ ਸੰਸਥਾਵਾਂ ਲਈ 300,000 ਡਾਲਰ ਦੀ ਗ੍ਰਾਂਟ ਦਾ ਐਲਾਨ

ਵੈਨਕੂਵਰ (ਏਕਜੋਤ ਸਿੰਘ): ਮੈਟਰੋ ਵੈਨਕੂਵਰ ਵੱਲੋਂ ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਕੰਮ ਕਰ ਰਹੀਆਂ 40 ਸਥਾਨਕ ਸੰਸਥਾਵਾਂ ਨੂੰ ਸਹਿਯੋਗ ਦੇਣ ਲਈ 300,000 ਡਾਲਰ ਦੀਆਂ ਖੇਤਰੀ ਸੱਭਿਆਚਾਰਕ ਪ੍ਰੋਜੈਕਟ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਗ੍ਰਾਂਟਾਂ ਮੈਟਰੋ ਵੈਨਕੂਵਰ ਦੇ ਸਾਲਾਨਾ ਪ੍ਰੋਗਰਾਮ ਤਹਿਤ ਦਿੱਤੀਆਂ ਜਾ ਰਹੀਆਂ ਹਨ ਜਿਸ ਵਿੱਚ ਹਰੇਕ ਸੰਸਥਾ ਨੂੰ ਆਪਣੇ ਨਵੇਂ ਸੱਭਿਆਚਾਰਕ ਪ੍ਰੋਗਰਾਮਾਂ ਦੀ ਖੋਜ ਅਤੇ ਪੇਸ਼ਕਾਰੀ ਲਈ 10,000 ਡਾਲਰ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਮੈਟਰੋ ਵੈਨਕੂਵਰ ਦੇ ਬੋਰਡ ਚੇਅਰ ਮਾਈਕ ਹਰਲੀ ਨੇ ਕਿਹਾ ਕਿ ਇੱਕ ਪ੍ਰਫੁੱਲਤ ਕਲਾ ਅਤੇ ਸੱਭਿਆਚਾਰਕ ਖੇਤਰ ਮੈਟਰੋ ਵੈਨਕੂਵਰ ਨੂੰ ਰਹਿਣ ਲਈ ਇੱਕ ਸ਼ਾਨਦਾਰ ਥਾਂ ਬਣਾਉਂਦਾ ਹੈ।
ਇਹ ਗ੍ਰਾਂਟ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਇਸ ਖੇਤਰ ਦੇ ਸੱਭਿਆਚਾਰਕ ਤਾਣੇ ਬਾਣੇ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਵੱਲੋਂ ਵੱਖ ਵੱਖ ਵਿਸ਼ਿਆਂ ਉੱਤੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਨਾਲ ਦਰਸ਼ਕਾਂ ਨੂੰ ਕਲਾ ਅਤੇ ਸੱਭਿਆਚਾਰ ਨਾਲ ਜੁੜਨ ਦੇ ਨਵੇਂ ਮੌਕੇ ਮਿਲਣਗੇ। ਮੈਟਰੋ ਵੈਨਕੂਵਰ ਦਾ ਇਹ ਸੱਭਿਆਚਾਰਕ ਗ੍ਰਾਂਟ ਪ੍ਰੋਗਰਾਮ 1991 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸਦਾ ਮਕਸਦ ਖੇਤਰੀ ਪੱਧਰ ਦੀਆਂ ਸੱਭਿਆਚਾਰਕ ਸੰਸਥਾਵਾਂ ਦਾ ਸਮਰਥਨ ਕਰਨਾ ਅਤੇ ਸੈਰ ਸਪਾਟੇ ਦੇ ਨਾਲ ਨਾਲ ਰੁਜ਼ਗਾਰ ਪੈਦਾ ਕਰਨਾ ਹੈ। ਇਹ ਪ੍ਰੋਗਰਾਮ ਕਲਚਰਲ ਗ੍ਰਾਂਟ ਰਿਜ਼ਰਵ ਫੰਡ ਦੁਆਰਾ ਚਲਾਇਆ ਜਾਂਦਾ ਹੈ ਜਿਸ ਨਾਲ ਟੈਕਸਾਂ ਉੱਤੇ ਕੋਈ ਅਸਰ ਨਹੀਂ ਪੈਂਦਾ।
ਇਸ ਸਾਲ ਮੈਟਰੋ ਵੈਨਕੂਵਰ ਨੂੰ 129 ਸੰਸਥਾਵਾਂ ਵੱਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਨੇ ਆਪਣੇ ਪ੍ਰਸਤਾਵਿਤ ਪ੍ਰੋਜੈਕਟਾਂ ਲਈ 1.1 ਮਿਲੀਅਨ ਡਾਲਰ ਤੋਂ ਵੱਧ ਦੇ ਫੰਡਾਂ ਦੀ ਮੰਗ ਕੀਤੀ ਸੀ। ਇਸ ਸਾਲ ਜਿਨ੍ਹਾਂ 40 ਸੰਸਥਾਵਾਂ ਨੂੰ ਫੰਡ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚ ਡਾਂਸ, ਫੈਸਟੀਵਲ ਅਤੇ ਈਵੈਂਟਸ, ਸੰਗੀਤ, ਥੀਏਟਰ ਅਤੇ ਵਿਜ਼ੂਅਲ ਆਰਟਸ ਨਾਲ ਸਬੰਧਤ ਕਈ ਨਾਮਵਰ ਸੰਸਥਾਵਾਂ ਸ਼ਾਮਲ ਹਨ। ਮੈਟਰੋ ਵੈਨਕੂਵਰ ਵੱਲੋਂ ਕਲਾ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ