ਵੈਨਕੂਵਰ (ਏਕਜੋਤ ਸਿੰਘ): ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਨੇ ਭਵਿੱਖ ਦੇ ਡਾਕਟਰਾਂ ਦੇ ਆਪਣੇ ਪਹਿਲੇ ਬੈਚ ਦਾ ਸਵਾਗਤ ਕੀਤਾ ਹੈ। ਇਸ ਪਹਿਲਕਦਮੀ ਨਾਲ ਸੂਬੇ ਭਰ ਵਿੱਚ ਭਾਈਚਾਰਕ ਅਤੇ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਤੱਕ ਬਿਹਤਰ ਪਹੁੰਚ ਦਾ ਰਾਹ ਹੋਰ ਮਜ਼ਬੂਤ ਹੋ ਗਿਆ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਕਈ ਹੋਰ ਖੇਤਰਾਂ ਵਾਂਗ ਬੀ.ਸੀ. ਵੀ ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਯੋਜਨਾ ਸਕਾਰਾਤਮਕ ਨਤੀਜੇ ਦੇ ਰਹੀ ਹੈ ਅਤੇ ਹਰ ਹਫ਼ਤੇ ਹਜ਼ਾਰਾਂ ਲੋਕਾਂ ਨੂੰ ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਜੋੜਿਆ ਜਾ ਰਿਹਾ ਹੈ। ਪ੍ਰੀਮੀਅਰ ਅਨੁਸਾਰ ਲੰਬੇ ਸਮੇਂ ਦਾ ਹੱਲ ਇਹ ਹੈ ਕਿ ਸੂਬੇ ਵਿੱਚ ਹੋਰ ਡਾਕਟਰ ਤਿਆਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅੱਜ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਭਵਿੱਖ ਵਿੱਚ ਲੋਕਾਂ ਦੀ ਦੇਖਭਾਲ ਕਰਨਗੇ ਅਤੇ ਸਿਹਤ ਸੇਵਾਵਾਂ ਨੂੰ ਹਰ ਲੋੜਵੰਦ ਤੱਕ ਪਹੁੰਚਾਉਣਗੇ।
ਬੁੱਧਵਾਰ 5 ਅਗਸਤ 2026 ਨੂੰ 48 ਮੈਡੀਕਲ ਵਿਦਿਆਰਥੀਆਂ ਦਾ ਪਹਿਲਾ ਬੈਚ ਸਕੂਲ ਆਫ਼ ਮੈਡੀਸਨ ਦੇ ਅਸਥਾਈ ਸਿੱਖਿਆ ਕੇਂਦਰ ਵਿੱਚ ਆਪਣੀ ਪੜ੍ਹਾਈ ਦੀ ਸ਼ੁਰੂਆਤ ਕਰੇਗਾ। ਇਹ ਨਵੇਂ ਵਿਦਿਆਰਥੀ ਇੱਕ ਅਜਿਹਾ ਪਾਠਕ੍ਰਮ ਪੂਰਾ ਕਰਨਗੇ ਜੋ ਮੁੱਢਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ। ਡਾਕਟਰਾਂ ਨੂੰ ਬੀ.ਸੀ. ਭਰ ਦੇ ਵਿਭਿੰਨ ਭਾਈਚਾਰਿਆਂ ਦੀ ਸੇਵਾ ਲਈ ਟੀਮ ਅਧਾਰਿਤ ਅਤੇ ਵਿਅਕਤੀ ਕੇਂਦਰਿਤ ਦੇਖਭਾਲ ਮੁਹੱਈਆ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ। 3 ਸਾਲਾਂ ਦਾ ਇਹ ਪ੍ਰੋਗਰਾਮ ਗਰਮੀਆਂ ਦੌਰਾਨ ਦੀ ਪੜ੍ਹਾਈ ਸਮੇਤ ਸਾਲ ਭਰ ਚੱਲਣ ਵਾਲੇ ਪਾਠਕ੍ਰਮ ਰਾਹੀਂ ਵਿਦਿਆਰਥੀਆਂ ਨੂੰ ਵਿਆਪਕ ਮੈਡੀਕਲ ਸਿੱਖਿਆ ਪ੍ਰਦਾਨ ਕਰੇਗਾ। ਵਿਦਿਆਰਥੀ ਕਈ ਹੋਰ ਮੈਡੀਕਲ ਸਕੂਲਾਂ ਦੇ ਮੁਕਾਬਲੇ 1 ਸਾਲ ਪਹਿਲਾਂ ਗ੍ਰੈਜੂਏਟ ਹੋਣਗੇ। ਵਿਦਿਆਰਥੀ ਡਾਕਟਰ ਆਫ਼ ਮੈਡੀਸਨ ਦੀ ਡਿਗਰੀ ਨਾਲ ਗ੍ਰੈਜੂਏਟ ਹੋਣਗੇ ਅਤੇ 2029 ਤੋਂ ਹੀ ਆਪਣੀ ਰੈਜ਼ੀਡੈਂਸੀ ਦੀ ਸ਼ੁਰੂਆਤ ਕਰ ਸਕਣਗੇ। ਹਾਲਾਂਕਿ 2026 ਦੇ ਪਹਿਲੇ ਬੈਚ ਵਿੱਚ 48 ਵਿਦਿਆਰਥੀ ਸ਼ਾਮਲ ਹਨ ਪਰ 2035 ਤੱਕ ਇਹ ਗਿਣਤੀ 120 ਵਿਦਿਆਰਥੀਆਂ ਤੱਕ ਪਹੁੰਚ ਜਾਵੇਗੀ।
ਪੋਸਟ ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਮੰਤਰੀ ਜੈਸੀ ਸੁੰਨੜ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਹੋਰ ਡਾਕਟਰਾਂ ਨੂੰ ਸਿਖਲਾਈ ਦੇਣ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਲੋੜ ਪੈਣ ਉੱਤੇ ਸਿਹਤ ਸੰਭਾਲ ਸੇਵਾਵਾਂ ਮਿਲ ਸਕਣਗੀਆਂ। ਬੀ.ਸੀ. ਵਿੱਚ ਭਾਈਚਾਰਕ ਅਤੇ ਮੁੱਢਲੀ ਸਿਹਤ ਸੰਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਸਿਰਫ਼ ਹੋਰ ਡਾਕਟਰਾਂ ਨੂੰ ਸਿਖਲਾਈ ਦੇਣਾ ਹੀ ਕਾਫ਼ੀ ਨਹੀਂ ਹੈ ਸਗੋਂ ਸਿਹਤ ਸੰਭਾਲ ਪ੍ਰਣਾਲੀ ਦੇ ਕੰਮ ਕਰਨ ਦੇ ਤਰੀਕੇ ਵਿੱਚ ਵੀ ਬਦਲਾਅ ਲਿਆਉਣ ਦੀ ਲੋੜ ਹੈ। ਐਸ.ਐਫ.ਯੂ. ਸਕੂਲ ਆਫ਼ ਮੈਡੀਸਨ ਦੇ ਵਿਦਿਆਰਥੀ ਖੋਜ ਕਾਰਜਾਂ ਵਿੱਚ ਭਾਗੀਦਾਰੀ ਦੇ ਨਾਲ ਭਾਈਚਾਰਕ ਅਤੇ ਮੂਲ ਨਿਵਾਸੀ ਭਾਈਚਾਰਿਆਂ ਨਾਲ ਭਾਈਵਾਲੀਆਂ ਰਾਹੀਂ ਇਸ ਪ੍ਰਣਾਲੀਗਤ ਬਦਲਾਅ ਨੂੰ ਅੱਗੇ ਵਧਾਉਣਗੇ।
ਮੈਡੀਕਲ ਵਿਦਿਆਰਥੀ ਜੈਸਪਰ ਡੈਲੀਸ਼ਟ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਭਾਈਚਾਰਿਆਂ ਦੀਆਂ ਲੋੜਾਂ ਨਾਲ ਜੁੜ ਕੇ ਸਾਰਿਆਂ ਲਈ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਉੱਤੇ ਧਿਆਨ ਦਿੰਦਾ ਹੈ। ਉਨ੍ਹਾਂ ਦਾ ਟੀਚਾ ਇੱਕ ਕਮਿਊਨਿਟੀ ਹੈਲਥ ਸੈਂਟਰ ਵਿੱਚ ਕੰਮ ਕਰਨਾ ਹੈ ਜਿੱਥੇ ਉਹ ਸੱਭਿਆਚਾਰਕ ਤੌਰ ਉੱਤੇ ਸੁਰੱਖਿਅਤ ਦੇਖਭਾਲ ਮੁਹੱਈਆ ਕਰ ਸਕਣ। ਸੂਬਾ ਸਰਕਾਰ ਵੱਲੋਂ ਇਸ ਸਕੂਲ ਦੇ ਸਾਲਾਨਾ ਸੰਚਾਲਨ ਖਰਚਿਆਂ ਲਈ 41.1 ਮਿਲੀਅਨ ਡਾਲਰ ਦੀ ਨਿਰੰਤਰ ਵਿੱਤੀ ਸਹਾਇਤਾ ਦੇਣ ਦੀ ਵਚਨਬੱਧਤਾ ਕੀਤੀ ਗਈ ਹੈ। ਇਹ ਸਕੂਲ ਆਫ਼ ਮੈਡੀਸਨ ਸਰਕਾਰ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਦਾ ਮਕਸਦ ਸੂਬੇ ਭਰ ਦੇ ਲੋਕਾਂ ਤੱਕ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਹੋਰ ਤੇਜ਼ੀ ਨਾਲ ਪਹੁੰਚਾਉਣਾ ਹੈ। This report was written by Ekjot Singh as part of the Local Journalism Initiative.
ਬੀ.ਸੀ. ਵਿੱਚ ਸਿਹਤ ਸੇਵਾਵਾਂ ਨੂੰ ਹੁਲਾਰਾ: 48 ਵਿਦਿਆਰਥੀਆਂ ਨਾਲ ਨਵੇਂ ਮੈਡੀਕਲ ਸਕੂਲ ਦਾ ਆਗਾਜ਼

