15.6 C
Vancouver
Monday, September 7, 2026

ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ: ਵੱਲੋਂ ਮਰਹੂਮ ਲੇਖਕਾਂ ਦੀ ਫੋਟੋ ਗੈਲਰੀ ਸਥਾਪਿਤ

ਵਾਿਸ਼ੰਟਨ : ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ: ਵੱਲੋਂ ਐਤਵਾਰ 01 ਅਗਸਤ 2026 ਨੂੰ ਸਭਾ ਦੇ ਮੈਂਬਰ ਰਹਿ ਚੁੱਕੇ ਮਰਹੂਮ ਲੇਖਕਾਂ ਦੀ ਯਾਦ ਨੂੰ ਸਮਰਪਿਤ ਇੱਕ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸਭਾ ਦੇ ਮੋਢੀ ਅਤੇ ਸਰਪ੍ਰਸਤ ਉਸਤਾਦ ਗ਼ਜ਼ਲਗੋ ਸ਼ਾਇਰ ਸਰਦਾਰ ਹਰਭਜਨ ਸਿੰਘ ਬੈਂਸ, ਨਾਮਵਰ ਕਵਿਤਰੀ ਬੀਬੀ ਸਵਰਾਜ ਕੌਰ, ਸ਼੍ਰੋਮਣੀ ਸਾਹਿਤਕਾਰ ਐਵਾਰਡ ਵਿਜੇਤਾ ਡਾ: ਸਾਥੀ ਲੁਧਿਆਣਵੀ, ਸ਼ਾਇਰ ਪ੍ਰੋ: ਨਿਰੰਜਨ ਸਿੰਘ ਸਹੋਤਾ ਅਤੇ ਜੋਬਨ ਰੁੱਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸ਼ਾਇਰ ਮਹਿੰਦਰ ਸਿੰਘ ਚੀਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਕਰਨੈਲ ਸਿੰਘ ਕੈਲ ਨੇ ਸਾਰੇ ਕਵੀਆਂ, ਸਾਹਿਤ ਪ੍ਰੇਮੀਆਂ ਅਤੇ ਸਰੋਤਿਆਂ ਨੂੰ ਜੀਓ ਆਇਆਂ ਆਖ ਕੇ ਕੀਤੀ। ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਸਮਾਗਮ ਦੀ ਰੂਪ-ਰੇਖਾ ਪੇਸ਼ ਕਰਦਿਆਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮਰਹੂਮ ਸਾਹਿਤਕਾਰਾਂ ਦੇ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਯਾਦਗਾਰੀ ਸਮਾਗਮ ਦਾ ਮੁੱਖ ਆਕਰਸ਼ਣ ਮਰਹੂਮ ਸ਼ਾਇਰਾਂ ਅਤੇ ਲੇਖਕਾਂ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਸਨਮਾਨ ਭੇਟ ਕਰਨਾ ਰਿਹਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮਰਹੂਮ ਸਾਹਿਤਕਾਰਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਆਪਣੇ ਸੰਬੋਧਨਾਂ ਅਤੇ ਗੀਤਾਂ ਰਾਹੀਂ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਹਰਨਾਮ ਸਿੰਘ ਸ਼ਾਨ, ਸ਼ਿੰਗਾਰ ਸਿੰਘ ਸਿੱਧੂ, ਮਲਕੀਤ ਸਿੰਘ ਗਿੱਲ, ਮਨਜੀਤ ਚਾਹਲ, ਸਾਧੂ ਸਿੰਘ ਝੱਜ, ਰਣਜੀਤ ਸਿੰਘ ਮੱਲ੍ਹੀ, ਗਾਇਕ ਅਤੇ ਲੇਖਕ ਬਲਵੀਰ ਸਿੰਘ ਲਹਿਰਾ, ਪ੍ਰਸਿੱਧ ਅਦਾਕਾਰ ਅਮਨ ਧਾਲੀਵਾਲ, ਸਰਬਜੀਤ ਸਿੰਘ ਨੂਰ, ਮਨਜੀਤ ਕੌਰ ਗਿੱਲ, ਰਜਿੰਦਰ ਕੌਰ, ਸੁਰਿੰਦਰ ਕੌਰ ਬ੍ਰਹਮ, ਹਰਪਾਲ ਸਿੱਧੂ, ਹਰਦਿਆਲ ਸਿੰਘ ਚੀਮਾ, ਅਵਤਾਰ ਸਿੰਘ ਆਦਮਪੁਰੀ, ਹਰਿੰਦਰਪਾਲ ਸਿੰਘ ਬੈਂਸ, ਡਾ: ਸੁਖਵੀਰ ਬੀਹਲਾ, ਅੰਮ੍ਰਿਤਪਾਲ ਸਹੋਤਾ, ਕੁਲਵੰਤ ਕੌਰ ਚੀਮਾ, ਅਰਸ਼ਦੀਪ ਕੌਰ ਚੀਮਾ, ਸੁਰਿੰਦਰ ਬੈਂਸ, ਗੁਰਿੰਦਰ ਸਿੰਘ ਬੈਂਸ, ਸਰਦਾਰ ਅਮਰੀਕ ਸਿੰਘ ਰੰਧਾਵਾ, ਜਗਦੇਵ ਸਿੱਧੂ, ਰਵੀ ਸੰਘੇੜਾ, ਜਗਦੀਸ਼ ਕੌਰ ਸੰਘੇੜਾ, ਨਵਰੂਪ ਦੋਸਾਂਝ, ਸੀਤਲ ਸਹੋਤਾ, ਨਵਦੀਪ ਸਿੱਧੂ ਆਦਿ ਸ਼ਾਮਲ ਸਨ।
ਸਮਾਗਮ ਦੀ ਇੱਕ ਵਿਲੱਖਣ ਅਤੇ ਸ਼ਲਾਘਾਯੋਗ ਪੇਸ਼ਕਸ਼ ਵਜੋਂ ਰੰਧਾਵਾ ਫਾਊਂਡੇਸ਼ਨ ਦੇ ਹਾਲ ਵਿੱਚ ਮਰਹੂਮ ਸ਼ਾਇਰਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਚੁਣੀਆਂ ਗਈਆਂ ਵਿਸ਼ੇਸ਼ ਰਚਨਾਵਾਂ ਦੀ ਪ੍ਰਦਰਸ਼ਨੀ ਸਥਾਈ ਤੌਰ ਤੇ ਲਗਾਈ ਗਈ। ਇਸ ਦਾ ਉਦਘਾਟਨ ਮਰਹੂਮ ਸਾਹਿਤਕਾਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਰਦਾ ਹਟਾ ਕੇ ਕੀਤਾ ਗਿਆ।ਇਸ ਸ਼ਲਾਘਾਯੋਗ ਕਦਮ ਦੀ ਦੇਸ਼ ਬਦੇਸ਼ ਦੇ ਸਾਹਿਤਕ ਗਲਿਆਰਿਆਂ ਵਿੱਚ ਖੂਬ ਪ੍ਰਸ਼ੰਸਾ ਹੋਈ।
ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਲਈ ਚਾਹ-ਪਾਣੀ,ਸਨੈਕਸ ਅਤੇ ਪੀਜ਼ੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਕਰਨੈਲ ਸਿੰਘ ਕੈਲ ਨੇ ਕਿਹਾ ਕਿ ਇਹ ਸਮਾਗਮ ਜਿੱਥੇ ਸਾਰਿਆਂ ਨੂੰ ਭਾਵੁਕ ਕਰ ਗਿਆ, ਉੱਥੇ ਹੀ ਮਾਣ ਦੀ ਭਾਵਨਾ ਨਾਲ ਵੀ ਭਰ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਨੀਂਹ ਰੱਖਣ ਵਾਲੇ ਇਹ ਮਹਾਨ ਸ਼ਾਇਰ ਅਤੇ ਲੇਖਕ ਆਪਣੀ ਅਣਥੱਕ ਮਿਹਨਤ ਅਤੇ ਸਾਹਿਤਕ ਸਿਰਜਣਾ ਸਦਕਾ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਆਪਣੇ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਉਸਤਾਦ ਸਾਹਿਤਕਾਰਾਂ ਦੀ ਸੰਗਤ ਦਾ ਨਿੱਘ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ।
ਸਭਾ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਅਵਤਾਰ ਸਿੰਘ ਆਦਮਪੁਰੀ ਜਿਨ੍ਹਾਂ ਨੇ ਇਨ੍ਹਾਂ ਪੰਜਾਂ ਮਰਹੂਮ ਸ਼ਾਇਰਾਂ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਇਸੇ ਤਰ੍ਹਾਂ ਹਰਿੰਦਰਪਾਲ ਸਿੰਘ ਬੈਂਸ, ਮਨਜੀਤ ਕੌਰ ਗਿੱਲ ਅਤੇ ਹਰਪਾਲ ਸਿੱਧੂ ਨੇ ਵੀ ਯਾਦਾਂ ਦੇ ਝਰੋਖਿਆਂ ਨੂੰ ਫਰੋਲਦਿਆਂ ਕਈ ਭਾਵਪੂਰਤ ਘਟਨਾਵਾਂ ਸੁਣਾਈਆਂ।
ਸਮਾਗਮ ਦੇ ਅੰਤ ਵਿੱਚ ਮਰਹੂਮ ਸਾਹਿਤਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ ਅਤੇ ਇਸ ਮੌਕੇ ਹਰ ਪਰਿਵਾਰ ਨੂੰ ਉਨ੍ਹਾਂ ਮਹਾਨ ਸ਼ਾਇਰਾਂ ਦੀ ਯਾਦ ਵਿੱਚ ਇੱਕ-ਇੱਕ ਬੂਟਾ ਵੀ ਸ਼ਰਧਾਂਜਲੀ ਚਿੰਨ੍ਹ ਵਜੋਂ ਭੇਟ ਕੀਤਾ ਗਿਆ।
ਅਮਨ ਧਾਲੀਵਾਲ ਜਿਸ ਨੇ ਦਸਤਾਰ ਫਿਲਮ ਵਿਚ ਰੋਲ ਨਿਭਾਇਆ ਹੈ ਦੇ ਸਨਮਾਨ ਵਿੱਚ ਦਸਤਾਰ ਫਿਲਮ ਦਾ ਵਿਸ਼ੇਸ਼ ਜ਼ਿਕਰ ਹੋਇਆ।
ਅੰਤ ਵਿੱਚ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਇਹ ਸਤਿਕਾਰਯੋਗ ਲੇਖਕ ਅੱਜ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਹਨ, ਪਰ ਉਹ ਆਪਣੀਆਂ ਰਚਨਾਵਾਂ ਰਾਹੀਂ ਸਦਾ ਸਾਡੀਆਂ ਯਾਦਾਂ ਅਤੇ ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਜਿਉਂਦੇ ਰਹਿਣਗੇ। ਨਮ ਅੱਖਾਂ, ਸ਼ਰਧਾ ਅਤੇ ਮਾਣ ਦੀ ਭਾਵਨਾ ਨਾਲ ਭਰਿਆ ਇਹ ਯਾਦਗਾਰੀ ਸਮਾਗਮ ਮਹਾਨ ਸਾਹਿਤਕਾਰਾਂ ਨੂੰ ਸਮਰਪਿਤ ਇੱਕ ਯਾਦਗਾਰੀ ਸ਼ਾਮ ਬਣ ਕੇ ਸੰਪੰਨ ਹੋਇਆ।

ਰੁਝਾਨ ਖਬਰਾਂ