15.6 C
Vancouver
Monday, September 7, 2026

ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੇ ‘ਅਮਰੀਕਾ ਦੇ ਗ਼ਦਰੀ ਯੋਧੇ’ ਕਿਤਾਬ ਖਾਲਸਾ ਦੀਵਾਨ ਸੁਸਾਇਟੀ ਪ੍ਰਬੰਧਕ ਕਮੇਟੀ ਨੂੰ ਕੀਤੀ ਭੇਂਟ

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ): ਸੋਹਣ ਸਿੰਘ ਪੂੰਨੀ ਦੀਆਂ ਕਈ ਕਿਤਾਬਾਂ ਪਾਠਕਾਂ ਦੇ ਸਨਮੁੱਖ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ‘ਕਨੇਡਾ ਦੇ ਗ਼ਦਰੀ ਯੋਧੇ’ ਬਹੁਤ ਪ੍ਰਸਿੱਧ ਹੋਈ ਸੀ ਜਿਹੜੀ ਕਿ ਉਹਨਾਂ ਨੇ ਬਹੁਤ ਖੋਜ ਦੇ ਅਧਾਰ ‘ਤੇ ਲਿਖੀ ਸੀ। ਮੇਵਾ ਸਿੰਘ ਲੋਪੋਕੇ ਦੀ ਕਿਤਾਬ ਵੀ ਬਹੁਤ ਤੱਥਾਂ ਸਾਹਿਤ ਪਾਠਕਾਂ ਦੇ ਰੂ-ਬਰੂ ਪੇਸ਼ ਕੀਤੀ ਸੀ। ਇਸ ਸਾਲ ‘ਅਮਰੀਕਾ ਦੇ ਗ਼ਦਰੀ ਯੋਧੇ’ ਪੁਸਤਕ ਲਿਖੀ ਹੈ ਜਿਸ ਦੀਆਂ ਦੋ ਕਾਪੀਆਂ ਸਭ ਤੋਂ ਪਹਿਲਾਂ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀਆਂ। ਉਹਨਾਂ ਦੀ ਸਿਹਤ ਬਹੁਤੀ ਠੀਕ ਨਾ ਹੋਣ ਦੇ ਬਾਵਜੂਦ ਵੀ ਉਹ ਆਪ ਚੱਲ ਕੇ ਆਏ ਤੇ ਐਤਵਾਰ 2 ਅਗਸਤ ਨੂੰ ਕਿਤਾਬਾਂ ਭੇਂਟ ਕੀਤੀਆਂ ਜਿਸ ਵਿੱਚ 25 ਗ਼ਦਰੀ ਬਾਬਿਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਅਮਰੀਕਾ ਤੋਂ ਜਾ ਕੇ ਭਾਰਤ ਦੀ ਅਜ਼ਾਦੀ ਵਾਸਤੇ ਜੇਲ੍ਹਾਂ ਕੱਟੀਆਂ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਆਪਣੇ ਪਿੰਡੇ ‘ਤੇ ਝੱਲੀਆਂ, ਉਨ੍ਹਾਂ ਦਾ ਜ਼ਿਕਰ ਹੈ। ਗ਼ਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ, ਸਕੱਤਰ ਲਾਲਾ ਹਰਦਿਆਲ, ਕੇਸਰ ਸਿੰਘ ਠੱਠਗੜ੍ਹ ਤੋਂ ਇਲਾਵਾ 22 ਹੋਰ ਗ਼ਦਰੀਆਂ ਦਾ ਜ਼ਿਕਰ ਹੈ। ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਸੋਹਣ ਸਿੰਘ ਪੂੰਨੀ ਤੇ ਉਨ੍ਹਾਂ ਦੀ ਧਰਮ ਪਤਨੀ ਵਿਨੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੰਗਤਾਂ ਨੂੰ ਕਨੇਡਾ ਤੇ ਅਮਰੀਕਾ ਦੇ ਗ਼ਦਰੀ ਬਾਬਿਆਂ ਦੀ ਯਾਦ ਤਾਜ਼ਾ ਕਰਾਈ ਹੈ। ਇਨ੍ਹਾਂ ਗ਼ਦਰੀਆਂ ਦਾ ਸਬੰਧ ਖਾਲਸਾ ਦੀਵਾਨ ਸੁਸਾਇਟੀ ਨਾਲ ਹੀ ਰਿਹਾ ਹੈ। ਸਭ ਤੋਂ ਪਹਿਲੀ ਤੇ ਮੋਢੀ ਸੰਸਥਾ ਹੋਣ ਕਰਕੇ ਸਾਰਾ ਇਤਿਹਾਸ ਇਸ ਦੁਆਲੇ ਹੀ ਘੁੰਮਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਠੀਕ ਰਹੀ ਤਾਂ ਹਾਲੇ ਲਗਭਗ ਜਿਨ੍ਹਾਂ ਗ਼ਦਰੀਆਂ ਦਾ ਜ਼ਿਕਰ ਹਾਲੇ ਬਾਕੀ ਹੈ ਜਿਨ੍ਹਾਂ ਨੇ ਅਮਰੀਕਾ ਤੋਂ ਜਾ ਕੇ ਹਿੰਦੋਸਤਾਨ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਤਸੀਹੇ ਝੱਲੇ ਤੇ ਫਾਂਸੀ ਦੇ ਰੱਸੇ ਚੁੰਮੇ, ਦਾ ਪੁਸਤਕ ਰੂਪੀ ਜ਼ਿਕਰ ਜ਼ਰੂਰ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਨਸਲਾਂ ਇਸ ਮਾਣਮੱਤੇ ਇਤਿਹਾਸ ਤੋਂ ਜਾਣੂੰ ਹੋ ਸਕਣ।

ਰੁਝਾਨ ਖਬਰਾਂ