15.6 C
Vancouver
Monday, September 7, 2026

ਨੌਜਵਾਨਾਂ ਦੇ ਮਨੋਰੰਜਨ ਲਈ ਡੈਲਟਾ ਮੇਅਰ ਵਲੋਂ ਨਵੇਂ ਬਾਈਕ ਪਾਰਕ ਦਾ ਕੀਤਾ ਉਦਘਾਟਨ

ਵੈਨਕੂਵਰ (ਏਕਜੋਤ ਸਿੰਘ): ਡੈਲਟਾ ਸ਼ਹਿਰ ਦੇ ਕੇਨਸਿੰਗਟਨ ਪਾਰਕ ਨਾਰਥ ਵਿਖੇ ਲੋਕਾਂ ਦੀ ਸਹੂਲਤ ਅਤੇ ਮਨੋਰੰਜਨ ਲਈ ਇੱਕ ਨਵਾਂ ਬਾਈਕ ਪਾਰਕ ਖੋਲ੍ਹ ਦਿੱਤਾ ਗਿਆ ਹੈ। ਇਸ ਬਹੁਤ ਹੀ ਉਡੀਕੇ ਜਾ ਰਹੇ ਕੇਨਸਿੰਗਟਨ ਬਾਈਕ ਪਾਰਕ ਦੀ ਉਸਾਰੀ ਇਸ ਸਾਲ ਮਈ ਮਹੀਨੇ ਵਿੱਚ ਸ਼ੁਰੂ ਹੋਈ ਸੀ। ਇਸ ਪਾਰਕ ਦਾ ਡਿਜ਼ਾਈਨ ਭਾਈਚਾਰੇ ਦੇ ਮੈਂਬਰਾਂ ਅਤੇ ਪਾਰਕ ਵਰਤਣ ਵਾਲੇ ਲੋਕਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਸੀ। ਡੈਲਟਾ ਦੇ ਮੇਅਰ ਜਾਰਜ ਵੀ ਹਾਰਵੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਡੈਲਟਾ ਦੇ ਰਾਈਡਿੰਗ ਭਾਈਚਾਰੇ ਲਈ ਇਹ ਬਿਲਕੁਲ ਨਵੀਂ ਥਾਂ ਪ੍ਰਦਾਨ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਫੀਡਬੈਕ ਰਾਹੀਂ ਇਹ ਪਾਰਕ ਸ਼ੁਰੂਆਤੀ ਅਤੇ ਤਜਰਬੇਕਾਰ ਦੋਵੇਂ ਤਰ੍ਹਾਂ ਦੇ ਸਾਈਕਲ ਚਾਲਕਾਂ ਲਈ ਬਣਾਇਆ ਗਿਆ ਹੈ।
ਇਹ ਕੇਨਸਿੰਗਟਨ ਬਾਈਕ ਪਾਰਕ ਰੋਜ਼ਾਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਲਈ ਖੁੱਲ੍ਹਾ ਰਹੇਗਾ। ਇਸ ਪਾਰਕ ਵਿੱਚ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਇੱਕ ਐਸਫਾਲਟ ਪੰਪ ਟਰੈਕ ਅਤੇ ਇੱਕ ਡਰਟ ਜੰਪ ਖੇਤਰ ਸ਼ਾਮਲ ਹੈ। ਡਰਟ ਜੰਪ ਖੇਤਰ ਵਿੱਚ ਸ਼ੁਰੂਆਤੀ, ਦਰਮਿਆਨੇ, ਉੱਨਤ ਅਤੇ ਮਾਹਰ ਰਾਈਡਰਾਂ ਲਈ ਮੁਸ਼ਕਲ ਦੇ ਚਾਰ ਵੱਖ ਵੱਖ ਪੱਧਰ ਬਣਾਏ ਗਏ ਹਨ। ਇਸ ਤੋਂ ਇਲਾਵਾ ਇੱਥੇ ਬੈਠਣ ਅਤੇ ਆਰਾਮ ਕਰਨ ਦੀ ਥਾਂ ਵੀ ਬਣਾਈ ਗਈ ਹੈ ਜੋ ਮੌਜੂਦਾ ਪਾਰਕਿੰਗ ਲਾਟ ਨਾਲ ਜੁੜੀ ਹੋਈ ਹੈ। ਇਹ ਐਸਫਾਲਟ ਟਰੈਕ 1000 ਵਰਗ ਮੀਟਰ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ 107 ਮੀਟਰ ਲੰਬਾ ਹੈ। ਇਸਦੇ ਨਾਲ ਹੀ ਡਰਟ ਜੰਪਸ 2600 ਵਰਗ ਮੀਟਰ ਵਿੱਚ ਫੈਲੇ ਹੋਏ ਹਨ ਜਿਨ੍ਹਾਂ ਵਿੱਚ ਚਾਰ ਜੰਪ ਲਾਈਨਾਂ ਹਨ ਅਤੇ ਇਹ 206 ਮੀਟਰ ਲੰਬੇ ਹਨ। ਇਸ ਦੌਰਾਨ ਹੋਲੀ ਪਾਰਕ ਵਿਖੇ ਮੌਜੂਦਾ ਪੰਪ ਟਰੈਕ ਰਾਈਡਰਾਂ ਲਈ ਖੁੱਲ੍ਹਾ ਰਹੇਗਾ, ਜਦਕਿ ਹੋਲੀ ਪਾਰਕ ਲਈ ਇੱਕ ਵਿਆਪਕ ਮਾਸਟਰ ਪਲਾਨ ਪ੍ਰਕਿਰਿਆ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।
This report was written by Ekjot Singh as part of the Local Journalism Initiative.

ਰੁਝਾਨ ਖਬਰਾਂ