15.6 C
Vancouver
Monday, September 7, 2026

ਚੋਰਾਂ ਨੇ ਪਿਕਅੱਪ ਟਰੱਕ ਦੀ ਮਦਦ ਨਾਲ ਤੋੜਿਆ ਦੁਕਾਨ ਦਾ ਪਿਛਲਾ ਦਰਵਾਜ਼ਾ, ਲੱਖਾਂ ਦੇ ਕਾਰਡ ਚੋਰੀ ਕਰ ਫਰਾਰ

ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਪੁਲਿਸ ਵਿਭਾਗ ਵੱਲੋਂ ਡਨਬਾਰ ਸਟ੍ਰੀਟ ਉੱਤੇ ਸਥਿਤ ਇੱਕ ਕਲੈਕਟੀਬਲ ਸਟੋਰ ਵਿੱਚ ਹੋਈ ਚੋਰੀ ਦੀ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਤੜਕੇ ਵਾਪਰੀ ਇਸ ਘਟਨਾ ਵਿੱਚ ਚੋਰਾਂ ਨੇ ਕੀਮਤੀ ਪੋਕੇਮੌਨ ਕਾਰਡ ਚੋਰੀ ਕਰ ਲਏ ਹਨ। ਪੁਲਿਸ ਅਧਿਕਾਰੀਆਂ ਨੇ 3 ਅਗਸਤ ਨੂੰ ਸਵੇਰੇ 2:58 ਵਜੇ 4355 ਡਨਬਾਰ ਸਟ੍ਰੀਟ ਵਿਖੇ ਸਥਿਤ ਰਾਇਲ ਕਾਰਡ ਸ਼ਾਪ ਐਂਡ ਕਲੈਕਟੀਬਲਜ਼ ਵਿੱਚ ਹੋਈ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਂਚਕਰਤਾਵਾਂ ਨੂੰ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋ ਨਕਾਬਪੋਸ਼ ਸ਼ੱਕੀਆਂ ਨੇ ਕਾਰੋਬਾਰੀ ਅਦਾਰੇ ਦਾ ਪਿਛਲਾ ਦਰਵਾਜ਼ਾ ਤੋੜਿਆ। ਇਸ ਮਗਰੋਂ ਉਨ੍ਹਾਂ ਨੇ ਇੱਕ ਚੋਰੀ ਕੀਤੇ ਗਏ ਫੋਰਡ ਪਿਕਅੱਪ ਟਰੱਕ ਦੀ ਵਰਤੋਂ ਕਰਕੇ ਦੁਕਾਨ ਦੀ ਸੇਫ ਨੂੰ ਰੱਸੀ ਪਾ ਕੇ ਬਾਹਰ ਖਿੱਚ ਲਿਆ। ਚੋਰੀ ਕੀਤਾ ਗਿਆ ਇਹ ਟਰੱਕ ਬਾਅਦ ਵਿੱਚ ਉਸੇ ਸਵੇਰ ਸਰੀ ਵਿੱਚੋਂ ਬਰਾਮਦ ਕਰ ਲਿਆ ਗਿਆ। ਪੁਲਿਸ ਨੂੰ ਇਹ ਟਰੱਕ ਲਾਵਾਰਿਸ ਹਾਲਤ ਵਿੱਚ ਮਿਲਿਆ ਅਤੇ ਉਸ ਸਮੇਂ ਇਸਦਾ ਇੰਜਣ ਸਟਾਰਟ ਸੀ। ਇਸ ਵਾਹਨ ਨੂੰ ਹੁਣ ਫੋਰੈਂਸਿਕ ਜਾਂਚ ਲਈ ਪੁਲਿਸ ਦੇ ਗੈਰੇਜ ਵਿੱਚ ਭੇਜ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਵੇਂ ਸ਼ੱਕੀ ਗੋਰੇ ਵਿਅਕਤੀ ਹਨ ਅਤੇ ਉਨ੍ਹਾਂ ਨੇ ਘਟਨਾ ਸਮੇਂ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸੰਪਰਕ ਕਰਨ। ਇਸ ਤੋਂ ਇਲਾਵਾ ਡੈਸ਼ਕੈਮ ਫੁਟੇਜ ਜਾਂ ਸੁਰੱਖਿਆ ਵੀਡੀਓ ਰੱਖਣ ਵਾਲੇ ਵਿਅਕਤੀ ਵਿਭਾਗ ਦੀ ਪ੍ਰਾਪਰਟੀ ਕਰਾਈਮ ਟਿਪ ਲਾਈਨ 604-717-0610 ਉੱਤੇ ਫੋਨ ਕਰਕੇ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ