ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (ਸੀਐਫਐਸਈਯੂ-ਬੀਸੀ) ਨੇ ਵੀਰਵਾਰ 30 ਜੁਲਾਈ ਨੂੰ ਲੈਂਗਲੀ ਤੋਂ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਉੱਤੇ ਵਿਨੀਪੈਗ ਵਿੱਚ ਕਤਲ ਦਾ ਦੋਸ਼ ਸੀ ਅਤੇ ਉਸ ਖਿਲਾਫ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਸਨ। ਇਹ ਗ੍ਰਿਫਤਾਰੀ ਸੀਐਫਐਸਈਯੂ ਦੀ ਯੂਨੀਫਾਰਮ ਗੈਂਗ ਇਨਫੋਰਸਮੈਂਟ ਟੀਮ ਵੱਲੋਂ ਹੋਰ ਜਾਂਚ ਟੀਮਾਂ ਦੇ ਸਹਿਯੋਗ ਨਾਲ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਟਰੇਸਰ ਹੋਰਿਮਬੇਰੇ ਹੈ, ਜੋ ਬੋਲੋ ਪ੍ਰੋਗਰਾਮ ਤਹਿਤ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਚੌਥੇ ਨੰਬਰ ਉੱਤੇ ਸੀ। ਇਸ ਮੁਲਜ਼ਮ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਲਈ ਸੀਐਫਐਸਈਯੂ ਅਤੇ ਵਿਨੀਪੈਗ ਪੁਲਿਸ ਸਰਵਿਸ ਨੇ ਮਿਲ ਕੇ ਕੰਮ ਕੀਤਾ। ਇਹ ਗ੍ਰਿਫਤਾਰੀ ਆਰਸੀਐਮਪੀ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਐਮਰਜੈਂਸੀ ਰਿਸਪਾਂਸ ਟੀਮ ਦੀ ਮਦਦ ਨਾਲ ਕੀਤੀ ਗਈ ਅਤੇ ਅਧਿਕਾਰੀਆਂ ਨੇ ਬਿਨਾਂ ਕਿਸੇ ਨੁਕਸਾਨ ਤੋਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਗ੍ਰਿਫਤਾਰੀ ਤੋਂ ਬਾਅਦ ਹੋਰਿਮਬੇਰੇ ਨੂੰ ਵਿਨੀਪੈਗ ਪੁਲਿਸ ਸਰਵਿਸ ਦੀ ਹਿਰਾਸਤ ਵਿੱਚ ਸੌਂਪ ਦਿੱਤਾ ਗਿਆ ਹੈ। ਵਿਨੀਪੈਗ ਪੁਲਿਸ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ 24 ਸਾਲਾ ਹੋਰਿਮਬੇਰੇ ਉੱਤੇ ਫਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। This report was written by Ekjot Singh as part of the Local Journalism Initiative.

