18.2 C
Vancouver
Thursday, August 13, 2026

ਸਿੱਖ ਮੋਟਰਸਾਈਕਲ ਕਲੱਬ ਬੀਸੀ ਕੈਨੇਡਾ ਵੱਲੋਂ ਪ੍ਰਭਾਵਸ਼ਾਲੀ ਰੈਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ

ਵੈਨਕੂਵਰ (ਜੋਗਿੰਦਰ ਸਿੰਘ) ਕੈਨੇਡਾ ਵਿੱਚ ਨਸਲਵਾਦ ਖਿਲਾਫ਼ ਸੰਘਰਸ਼ਮਈ ਅਤੇ ਗੌਰਵਮਈ ਇਤਿਹਾਸ ਦੇ ਪ੍ਰਤੀਕ ਗੁਰੂ ਨਾਨਕ ਜਹਾਜ਼ ਦੀ 112ਵੀਂ ਵਰ੍ਹੇਗੰਢ ਦੇ ਮੌਕੇ ਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਹੌਲੈਂਡ ਪਾਰਕ, ਸਰੀ ਤੋਂ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ, ਸਮੁੰਦਰੀ ਤੱਟ ਵੈਨਕੂਵਰ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਨੌਜਵਾਨਾਂ ਨੇ ਭਰਪੂਰ ਉਤਸ਼ਾਹ ਦਿਖਾਇਆ। ਲੋਹਟੋਪ ਬਿਨਾ, ਦਸਤਾਰਾਂ ਸਜਾ ਕੇ ਮੋਟਰਸਾਈਕਲ ਚਲਾਉਣ ਦਾ ਕੇਸ ਜਿੱਤਣ ਵਾਲੇ ਸਿੱਖ ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ਚ ਵੱਡੀ ਗਿਣਤੀ ਚ ਸਿੱਖ ਮੋਟਰਸਾਈਕਲ ਸਵਾਰਾਂ ਤੋਂ ਇਲਾਵਾ, ਸਰੀ ਦੇ ਪੰਜਾਬੀ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਵੀ ਇਸ ਮੌਕੇ ਤੇ ਸ਼ਾਮਿਲ ਹੋਏ। ਵੈਨਕੂਵਰ ਸਮੁੰਦਰੀ ਤੱਟ ਤੇ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਵਾਲੀ ਜਗ੍ਹਾ ਤੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ, ਗ੍ਰੰਥੀ ਸਾਹਿਬ ਗੁਰਦੁਆਰਾ ਸੁਖ ਸਾਗਰ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿੰਸਟਰ ਨੇ ਗੁਰਬਾਣੀ ਪਾਠ ਕੀਤਾ। ਉਪਰੰਤ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੂੰ ਚੇਤੇ ਕਰਦਿਆਂ, ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਇਸ ਮੌਕੇ ਤੇ ਸਿੱਖ ਮੋਟਰਸਾਈਕਲ ਕਲੱਬ ਤੇ ਮੈਂਬਰਾਂ ਨੇ ਇਥੇ ਇਤਿਹਾਸਿਕ ਮੌਕੇ ਤੇ ਵਾਅਦਾ ਕੀਤਾ ਕਿ ਉਹ ਹਰ ਸਾਲ 23 ਜੁਲਾਈ ਦੇ ਦਿਨ, ਸੰਗਤੀ ਰੂਪ ਵਿੱਚ ਇਕੱਤਰ ਹੋਇਆ ਕਰਨਗੇ ਅਤੇ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰਨਗੇ।
ਇਸ ਤੋਂ ਇਲਾਵਾ ਇੱਕ ਹੋਰ ਇਕੱਤਰਤਾ ਵਿੱਚ ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ ਕਲਾ ਦੇ ਸਫਰ ਦੀ 112ਵੀਂ ਵਰ੍ਹੇਗੰਢ ਮੌਕੇ ਐਬਸਫੋਰਡ, ਸਾਊਥ ਲੈਗਲੀ ਤੋਂ ਕੰਜ਼ਰਵਟਿਵ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਸੁਖਮਨ ਸਿੰਘ ਗਿੱਲ ਨੇ ਆਪਣੀ ਹਲਕੇ ਦੇ ਦਫਤਰ ਵਿੱਚ ਵਿਸ਼ੇਸ਼ ਮਿਲਣੀ ਕੀਤੀ। ਐਮਪੀ ਗਿੱਲ ਨੇ ਭਾਵਪੂਰਤ ਵਿਚਾਰ ਵਟਾਂਦਰੇ ਮਗਰੋਂ ਦ੍ਰਿੜ ਵਿਸ਼ਵਾਸ ਨਾਲ ਕਿਹਾ ਕਿ ਕੈਨੇਡਾ ਦੀ ਸਰਕਾਰ ਵੱਲੋਂ ਇਸ ਨਸਲਵਾਦੀ ਵਰਤਾਰੇ ਲਈ ਚਾਹੇ ਪਾਰਲੀਮੈਂਟ ਵਿੱਚ ਮੁਆਫ਼ੀ ਮੰਗੀ ਗਈ ਹੈ, ਪਰ ਉਸ ਵਿੱਚ ਗੁਰੂ ਨਾਨਕ ਜਹਾਜ਼ ਤੇ ਮੁਸਾਫਰਾਂ ਦਾ ਪ੍ਰਮੁੱਖ ਜ਼ਿਕਰ ਜ਼ਰੂਰੀ ਹੈ ਅਤੇ ਇਸ ਨੂੰ ਦਰੁਸਤ ਕਰਨ ਲਈ ਉਹ ਪਾਰਲੀਮੈਂਟ ਵਿੱਚ ਆਵਾਜ਼ ਉਠਾਉਣਗੇ।ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਸਿੱਖ ਮੋਟਰਸਾਈਕਲ ਕਲੱਬ, ਟਰੱਕਾਂ ਵਾਲੇ ਨੌਜਵਾਨਾਂ ਸਮੇਤ ਸਾਰੀਆਂ ਸੰਗਤਾਂ ਤੋਂ ਇਲਾਵਾ ਐਮਪੀ ਸੁਖਮਨ ਸਿੰਘ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਹਨਾਂ ਨੇ ਇਤਿਹਾਸ ਦੇ ਸਹੀ ਪੱਖ ਨੂੰ ਜਾਣਿਆ ਅਤੇ ਗੁਰੂ ਨਾਨਕ ਜਹਾਜ਼ ਦੇ ਨਾਮ ਨੂੰ ਬਹਾਲ ਕਰਨ ਦੇ ਯਤਨਾਂ ਰਾਹੀਂ ਦ੍ਰਿੜਤਾ ਦਿਖਾਈ।

ਰੁਝਾਨ ਖਬਰਾਂ