ਵੈਨਕੂਵਰ (ਏਕਜੋਤ ਸਿੰਘ): ਸਿਟੀ ਆਫ਼ ਸਰੀ ਅਤੇ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਆਲਮੀ ਲੀਡਰ ਕੰਪਨੀ ਪ੍ਰੋਲੋਜਿਸ ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ ਵਿਚਾਰ ਵਟਾਂਦਰੇ ਚੱਲ ਰਹੇ ਹਨ। ਇਹ ਪ੍ਰੋਜੈਕਟ ਭਾਰੀ ਪੱਧਰ ਉੱਤੇ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ ਅਤੇ ਸੈਂਕੜੇ ਸਥਾਨਕ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ। ਇਸ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਦੀ ਆਰਥਿਕ ਕੇਂਦਰ ਵਜੋਂ ਸਥਿਤੀ ਹੋਰ ਮਜ਼ਬੂਤ ਹੋਵੇਗੀ।
ਬੀਤੇ ਸੋਮਵਾਰ ਨੂੰ ਸਿਟੀ ਕੌਂਸਲ ਨੇ ਕੈਂਬਲ ਹਾਈਟਸ ਵਿੱਚ ਸਥਿਤ ਸਿਟੀ ਦੀ ਮਲਕੀਅਤ ਵਾਲੀ 36 ਏਕੜ ਜ਼ਮੀਨ ਦੀ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਖ਼ਾਸ ਜਾਂਚ ਪੜਤਾਲ ਅਤੇ ਅੰਤਿਮ ਸਮਝੌਤਿਆਂ ਉੱਤੇ ਦਸਤਖ਼ਤ ਸਮੇਤ ਲੀਜ਼ ਦੀਆਂ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਹੋਣ ਦੇ ਅਧੀਨ ਹੈ। ਸੈਨ ਫ੍ਰਾਂਸਿਸਕੋ ਅਧਾਰਿਤ ਕੰਪਨੀ ਪ੍ਰੋਲੋਜਿਸ ਪਿਛਲੇ 2 ਦਹਾਕਿਆਂ ਤੋਂ ਪਾਰ ਸਮੇਂ ਤੋਂ ਕੈਨੇਡਾ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਸਥਾਨ ਉੱਤੇ ਇੱਕ ਲੋਜਿਸਟਿਕਸ ਵਿਕਾਸ ਪ੍ਰੋਜੈਕਟ ਦੀ ਯੋਜਨਾ ਦਾ ਮੁਲਾਂਕਣ ਕਰ ਰਹੀ ਹੈ।
ਪ੍ਰੋਜੈਕਟ ਦੇ ਪੂਰਾ ਹੋਣ ਉਪਰੰਤ ਇਸ ਪ੍ਰਸਤਾਵਿਤ ਲੀਜ਼ ਨਾਲ ਸਿਟੀ ਨੂੰ ਇਸ ਜਾਇਦਾਦ ਤੋਂ ਹੋਣ ਵਾਲੀ ਸਾਲਾਨਾ ਆਮਦਨ ਲਗਭਗ ਦੁੱਗਣੀ ਹੋਣ ਦੀ ਉਮੀਦ ਹੈ। ਇਸ ਨਾਲ ਨਿਵਾਸੀਆਂ ਲਈ ਲੰਬੇ ਸਮੇਂ ਦਾ ਮਹੱਤਵਪੂਰਨ ਲਾਭ ਪੈਦਾ ਹੋਵੇਗਾ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਜਦੋਂ ਪ੍ਰੋਲੋਜਿਸ ਵਰਗੀ ਵਿਸ਼ਵ ਪੱਧਰੀ ਕੰਪਨੀ ਸਰੀ ਨੂੰ ਚੁਣਦੀ ਹੈ ਤਾਂ ਇਹ ਸ਼ਹਿਰ ਵਿੱਚ ਮੌਜੂਦ ਮੌਕਿਆਂ ਬਾਰੇ ਇੱਕ ਮਜ਼ਬੂਤ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵਿਤ ਨਿਵੇਸ਼ ਸਰੀ ਦੀ ਰਣਨੀਤਕ ਸਥਿਤੀ ਅਤੇ ਕਾਰੋਬਾਰ ਲਈ ਉੱਤਮ ਥਾਂ ਵਜੋਂ ਇਸ ਦੀ ਸਾਖ਼ ਨੂੰ ਦਰਸਾਉਂਦਾ ਹੈ ਜਿਸ ਨਾਲ ਸਥਾਨਕ ਰੋਜ਼ਗਾਰ ਪੈਦਾ ਹੋਵੇਗਾ।
ਪ੍ਰੋਲੋਜਿਸ ਦੇ ਗਾਹਕਾਂ ਵਿੱਚ ਲੂਲੂਲੈਮਨ, ਐਮਾਜ਼ੋਨ, ਵਾਲਮਾਰਟ, ਹੋਮ ਡਿਪੋ ਅਤੇ ਕੋਕਾ ਕੋਲਾ ਵਰਗੀਆਂ ਪ੍ਰਸਿੱਧ ਕੰਪਨੀਆਂ ਸ਼ਾਮਲ ਹਨ। ਕੰਪਨੀ ਲਗਭਗ 721,000 ਵਰਗ ਫੁੱਟ ਉਦਯੋਗਿਕ ਸਪੇਸ ਦੇ ਵਿਕਾਸ ਉੱਤੇ ਵਿਚਾਰ ਕਰ ਰਹੀ ਹੈ ਜਿਸ ਵਿੱਚ ਲੋਜਿਸਟਿਕਸ, ਵੇਅਰਹਾਊਸਿੰਗ, ਡਿਸਟ੍ਰੀਬਿਊਸ਼ਨ, ਦਫ਼ਤਰ ਅਤੇ ਪਾਰਕਿੰਗ ਦੀਆਂ ਸਹੂਲਤਾਂ ਸ਼ਾਮਲ ਹੋ ਸਕਦੀਆਂ ਹਨ। ਪ੍ਰੋਲੋਜਿਸ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਇਨਵੈਸਟਮੈਂਟ ਅਫ਼ਸਰ ਮੈਟ ਬਰੌਕ ਨੇ ਕਿਹਾ ਕਿ ਸਰੀ ਇੱਕ ਮਹੱਤਵਪੂਰਨ ਮਾਰਕਿਟ ਹੈ ਜਿੱਥੇ ਮਜ਼ਬੂਤ ਬੁਨਿਆਦੀ ਢਾਂਚਾ ਅਤੇ ਤੇਜ਼ੀ ਨਾਲ ਵਧਦਾ ਕਾਰੋਬਾਰੀ ਭਾਈਚਾਰਾ ਮੌਜੂਦ ਹੈ।
ਪ੍ਰਸਤਾਵਿਤ ਸਮਝੌਤੇ ਤੋਂ 62 ਸਾਲਾਂ ਦੀ ਮਿਆਦ ਦੌਰਾਨ ਲੀਜ਼ ਅਤੇ ਜਾਇਦਾਦ ਟੈਕਸ ਰਾਹੀਂ ਮਿਲਾਕੇ 1 ਬਿਲੀਅਨ ਡਾਲਰ ਤੋਂ ਪਾਰ ਦੀ ਆਮਦਨ ਹੋਣ ਦਾ ਅਨੁਮਾਨ ਹੈ।
ਇਸ ਦੌਰਾਨ ਵੀ ਸਿਟੀ ਜ਼ਮੀਨ ਦੀ ਮਲਕੀਅਤ ਆਪਣੇ ਕੋਲ ਰੱਖੇਗੀ ਅਤੇ ਲੀਜ਼ ਖ਼ਤਮ ਹੋਣ ਤੋਂ ਬਾਅਦ ਵੀ ਇਹ ਜਨਤਕ ਸੰਪਤੀ ਭਵਿੱਖ ਦੀਆਂ ਪੀੜ੍ਹੀਆਂ ਲਈ ਸੁਰੱਖਿਅਤ ਰਹੇਗੀ। ਕੈਂਬਲ ਹਾਈਟਸ ਮੈਟਰੋ ਵੈਨਕੂਵਰ ਦੇ ਪ੍ਰਮੁੱਖ ਉਦਯੋਗਿਕ ਪਾਰਕਾਂ ਵਿੱਚੋਂ ਇੱਕ ਹੈ। ਬੀਡੀ ਅਤੇ ਟੋਓਟਾ ਵਰਗੀਆਂ ਕੰਪਨੀਆਂ ਦੇ ਨਿਵੇਸ਼ ਇਸ ਗੱਲ ਦਾ ਸਬੂਤ ਹਨ ਕਿ ਇਹ ਇਲਾਕਾ ਸਰੀ ਵਿੱਚ ਇੱਕ ਰੋਜ਼ਗਾਰ ਕੇਂਦਰ ਵਜੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। This report was written by Ekjot Singh as part of the Local Journalism Initiative.
ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਵਿਚਕਾਰ ਕੈਂਬਲ ਹਾਈਟਸ ਦੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਮਨਜ਼ੂਰੀ

