18.2 C
Vancouver
Thursday, August 13, 2026

ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ ਦੀ ਅਮਰੀਕਾ ਫੇਰੀ ਨੂੰ ਲੈ ਕੇ ਵਿਰੋਧੀਆਂ ਨੇ ਚੁੱਕੇ ਸਵਾਲ

ਵੈਨਕੂਵਰ (ਏਕਜੋਤ ਸਿੰਘ): ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ ਨੂੰ ਅਮਰੀਕੀ ਸੈਨੇਟਰ ਲਿੰਡਸੇ ਗ੍ਰੇਅਮ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਕੀਤੀ ਗਈ ਆਪਣੀ ਯਾਤਰਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰ ਨੇ ਪ੍ਰੀਮੀਅਰ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਦੌਰੇ ਉੱਤੇ ਟੈਕਸਦਾਤਿਆਂ ਦੇ ਪੈਸੇ ਤੋਂ ਹੋਏ ਖਰਚੇ ਦਾ ਪੂਰਾ ਹਿਸਾਬ ਜਨਤਕ ਕਰਨ। ਮੰਗਲਵਾਰ ਨੂੰ ਭੇਜੇ ਗਏ ਇੱਕ ਪੱਤਰ ਵਿੱਚ, ਐਨਡੀਪੀ ਦੇ ਵਪਾਰ ਅਤੇ ਨਿਰਯਾਤ ਵਿਕਾਸ ਆਲੋਚਕ ਕਿਮ ਬ੍ਰੇਕਨਰ ਨੇ ਪ੍ਰੀਮੀਅਰ ਸਕੌਟ ਮੋਏ ਨੂੰ ਇਹ ਪੁਸ਼ਟੀ ਕਰਨ ਲਈ ਕਿਹਾ ਕਿ ਕੀ ਇਸ ਯਾਤਰਾ ਲਈ ਜਨਤਕ ਫੰਡਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਜੇਕਰ ਅਜਿਹਾ ਸੀ, ਤਾਂ ਕੁੱਲ ਖਰਚੇ ਅਤੇ ਵੇਰਵੇ ਤੁਰੰਤ ਜਨਤਕ ਕੀਤੇ ਜਾਣ। ਬ੍ਰੇਕਨਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਹੁਣ ਸਵਾਲ ਉੱਠ ਰਹੇ ਹਨ ਕਿ ਉਨ੍ਹਾਂ ਦੇ ਪੈਸੇ ਦੀ ਵਰਤੋਂ ਕਿੱਥੇ ਕੀਤੀ ਜਾ ਰਹੀ ਹੈ। ਇਹ ਮੰਗ ਉਸੇ ਦਿਨ ਸਾਹਮਣੇ ਆਈ ਜਦੋਂ ਸੂਬਾਈ ਸਰਕਾਰ ਨੇ ਐਲਾਨ ਕੀਤਾ ਸੀ ਕਿ ਪ੍ਰੀਮੀਅਰ ਸਕੌਟ ਮੋਏ ਸੈਨੇਟਰ ਦੇ ਪਰਿਵਾਰ ਦੇ ਸੱਦੇ ਉੱਤੇ ਵਾਸ਼ਿੰਗਟਨ ਡੀ.ਸੀ. ਵਿੱਚ ਸੈਨੇਟਰ ਗ੍ਰੇਅਮ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ। ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਪ੍ਰੀਮੀਅਰ ਫੈਡਰਲ ਨੁਮਾਇੰਦਿਆਂ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਰਗੀਆਂ ਹੋਰ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਨਾਲ ਮਿਲ ਕੇ ਸ਼ਰਧਾਂਜਲੀ ਭੇਟ ਕਰਨਗੇ। ਸਰਕਾਰ ਨੇ ਇਹ ਵੀ ਨੋਟ ਕੀਤਾ ਕਿ ਸੈਨੇਟਰ ਗ੍ਰੇਅਮ ਸਸਕੈਚਵਨ ਦੇ ਲੰਬੇ ਸਮੇਂ ਤੋਂ ਦੋਸਤ ਰਹੇ ਸਨ ਅਤੇ ਉਨ੍ਹਾਂ ਨੇ ਪ੍ਰੀਮੀਅਰ ਨਾਲ ਕਈ ਮੌਕਿਆਂ ਉੱਤੇ ਕੈਨੇਡਾ-ਅਮਰੀਕਾ ਵਪਾਰ ਅਤੇ ਊਰਜਾ ਸੁਰੱਖਿਆ ਬਾਰੇ ਚਰਚਾ ਕੀਤੀ ਸੀ। ਹਾਲਾਂਕਿ, ਆਲੋਚਕਾਂ ਨੇ ਸਵਾਲ ਉਠਾਇਆ ਕਿ ਕੀ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਾ ਜਨਤਕ ਫੰਡਾਂ ਦੀ ਸਹੀ ਵਰਤੋਂ ਸੀ, ਕਿਉਂਕਿ ਸੈਨੇਟਰ ਗ੍ਰੇਅਮ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਸੀ ਅਤੇ ਕੈਨੇਡਾ ਬਾਰੇ ਵਿਵਾਦਿਤ ਟਿੱਪਣੀਆਂ ਕੀਤੀਆਂ ਸਨ। ਸਸਕੈਚਵਨ ਐਨਡੀਪੀ ਦੀ ਨੇਤਾ ਕਾਰਲਾ ਬੇਕ ਨੇ ਵੀ ਇਨ੍ਹਾਂ ਚਿੰਤਾਵਾਂ ਨੂੰ ਦੁਹਰਾਉਂਦਿਆਂ ਪੁੱਛਿਆ ਕਿ ਗ੍ਰੇਅਮ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਾ ਕਿਉਂ ਤਰਜੀਹ ਬਣ ਗਿਆ, ਜਦੋਂ ਕਿ ਸੂਬੇ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੀ ਹੜਤਾਲ ਵਰਗੇ ਗੰਭੀਰ ਮੁੱਦੇ ਸਾਹਮਣੇ ਖੜੇ ਹਨ। This report was written by Ekjot Singh as part of the Local Journalism Initiative.
ਸਸਕੈਚਵਨ ਸਰਕਾਰ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਇਸ ਯਾਤਰਾ ਦਾ ਬਚਾਅ ਕਰਦਿਆਂ ਕਿਹਾ ਕਿ ਪ੍ਰੀਮੀਅਰ ਮੋਏ ਨੇ ਪ੍ਰੀਮੀਅਰ ਵਜੋਂ ਆਪਣੀ ਸਮਰੱਥਾ ਵਿੱਚ ਵਾਸ਼ਿੰਗਟਨ ਦੀ ਯਾਤਰਾ ਕੀਤੀ ਸੀ ਅਤੇ ਇਸ ਫੇਰੀ ਦੌਰਾਨ ਸੂਬਾਈ ਕੰਮਕਾਜ ਨੂੰ ਵੀ ਅੱਗੇ ਵਧਾਇਆ ਸੀ। ਸਰਕਾਰ ਨੇ ਕਿਹਾ ਕਿ ਪ੍ਰੀਮੀਅਰ ਨੇ ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮੋਨਿਕ ਲੇਬਲੈਂਕ ਦੇ ਨਾਲ ਅੰਤਿਮ ਸਸਕਾਰ ਵਿੱਚ ਸ਼ਿਰਕਤ ਕੀਤੀ ਅਤੇ ਸਸਕੈਚਵਨ, ਕੈਨੇਡਾ ਅਤੇ ਅਮਰੀਕਾ ਨਾਲ ਆਜ਼ਾਦ ਅਤੇ ਨਿਰਪੱਖ ਵਪਾਰਕ ਸਬੰਧਾਂ ਦੀ ਵਕਾਲਤ ਕਰਨ ਲਈ ਇਸ ਦੌਰੇ ਦੀ ਵਰਤੋਂ ਕੀਤੀ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਯਾਤਰਾ ਦੇ ਸਾਰੇ ਖਰਚਿਆਂ ਨੂੰ ਨਿਯਮਾਂ ਤਹਿਤ ਆਨਲਾਈਨ ਜਨਤਕ ਤੌਰ ਉੱਤੇ ਜਾਰੀ ਕਰ ਦਿੱਤਾ ਜਾਵੇਗਾ।

ਰੁਝਾਨ ਖਬਰਾਂ