18.2 C
Vancouver
Thursday, August 13, 2026

ਸਰੀ ਦੇ ਸਾਬਕਾ ਮੇਅਰ ਡੱਗ ਮੈਕਕੈਲਮ ਨੇ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਸ਼ਿਕਾਇਤ ਕੀਤੀ ਦਰਜ

ਵੈਨਕੂਵਰ (ਏਕਜੋਤ ਸਿੰਘ): ਸਰੀ ਦੇ ਸਾਬਕਾ ਮੇਅਰ ਅਤੇ ਸੇਫ਼ ਸਰੀ ਕੋਆਲਿਸ਼ਨ ਦੇ ਮੇਅਰ ਉਮੀਦਵਾਰ ਡੱਗ ਮੈਕਕੈਲਮ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਸਥਾਨਕ ਚੋਣਾਂ ਵਿੱਚ ਕਥਿਤ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਗੈਰ ਰਜਿਸਟਰਡ ਚੋਣ ਪ੍ਰਚਾਰ ਸਬੰਧੀ ਗੰਭੀਰ ਦੋਸ਼ ਲਗਾਉਂਦਿਆਂ ਚੋਣ ਵਿਭਾਗ ਅਤੇ ਆਰਸੀਐਮਪੀ ਦੇ ਫੈਡਰਲ ਪੋਲਿਸਿੰਗ ਵਿਭਾਗ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੱਗ ਮੈਕਕੈਲਮ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪਹਿਲਾਂ ਇਹ ਕਿਹਾ ਸੀ ਕਿ ਜਾਂਚ ਦੌਰਾਨ ਕੋਈ ਉਲੰਘਣਾ ਨਹੀਂ ਮਿਲੀ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਜਾਂਚ ਸਿਰਫ਼ ਫਰਵਰੀ ਅਤੇ ਮਾਰਚ ਮਹੀਨੇ ਦੇ ਕੁਝ ਇਸ਼ਤਿਹਾਰਾਂ ਤੱਕ ਹੀ ਸੀਮਤ ਰਹੀ। ਉਨ੍ਹਾਂ ਕਿਹਾ ਕਿ ਅਸਲ ਸਵਾਲ ਇਹ ਹੈ ਕਿ ਸਰੀ, ਡੈਲਟਾ ਅਤੇ ਵੈਨਕੂਵਰ ਨਾਲ ਸੰਬੰਧਤ ਸਮੱਗਰੀ ਤਿਆਰ ਕਰਨ ਅਤੇ ਪ੍ਰਸਾਰਿਤ ਕਰਨ ਲਈ ਭਾਰਤ ਵਿੱਚ ਕਿਸ ਨੂੰ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਜਾਂਚ ਨਹੀਂ ਕੀਤੀ ਗਈ। ਮੈਕਕੈਲਮ ਨੇ ਦੋਸ਼ ਲਗਾਇਆ ਕਿ ਕਾਨੂੰਨ ਅਨੁਸਾਰ ਪ੍ਰੀ ਕੈਂਪੇਨ ਦੌਰਾਨ ਕਿਸੇ ਵੀ ਤਰੀਕੇ ਨਾਲ ਉਮੀਦਵਾਰ ਦੇ ਹੱਕ ਵਿੱਚ ਕੀਤੀ ਜਾਣ ਵਾਲੀ ਪ੍ਰਚਾਰ ਸਮੱਗਰੀ ਚੋਣ ਇਸ਼ਤਿਹਾਰ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਜਾਂ ਵਿਦੇਸ਼ੀ ਇਕਾਈ ਇਸ ਤਰ੍ਹਾਂ ਦੀ ਸਮੱਗਰੀ ਤਿਆਰ ਕਰਦੀ ਹੈ ਤਾਂ ਉਸ ਦਾ ਖਰਚਾ ਅਤੇ ਸਰੋਤ ਕਾਨੂੰਨ ਅਨੁਸਾਰ ਜ਼ਾਹਰ ਹੋਣਾ ਲਾਜ਼ਮੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੰਟਰਨੈੱਟ ਰਿਕਾਰਡਾਂ ਅਨੁਸਾਰ ਕੁਝ ਖਾਸ ਪੇਜਾਂ ਦੇ ਬਹੁਤੇ ਪ੍ਰਬੰਧਕ ਭਾਰਤ ਦੇ ਪੁਣੇ ਸ਼ਹਿਰ ਤੋਂ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਪੇਜਾਂ ਉੱਤੇ ਚੱਲੇ ਕੁਝ ਇਸ਼ਤਿਹਾਰਾਂ ਦੀ ਅਦਾਇਗੀ ਭਾਰਤੀ ਰੁਪਏ ਵਿੱਚ ਕੀਤੀ ਗਈ ਹੈ। ਭੁਗਤਾਨ ਕਰਨ ਵਾਲੇ ਵਜੋਂ ਪੁਣੇ ਦੇ ਇੱਕ ਇਨੋਵੇਸ਼ਨ ਪਾਰਕ ਦਾ ਨਾਮ ਦਰਜ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੰਮ ਮੁਫ਼ਤ ਕੀਤਾ ਗਿਆ ਹੈ ਤਾਂ ਇਹ ਵੀ ਕਾਨੂੰਨ ਦੀ ਉਲੰਘਣਾ ਹੋ ਸਕਦੀ ਹੈ ਕਿਉਂਕਿ ਵਿਦੇਸ਼ੀ ਸੰਸਥਾਵਾਂ ਵੱਲੋਂ ਚੋਣ ਸਹਾਇਤਾ ਦੇਣਾ ਮਨਜ਼ੂਰ ਨਹੀਂ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੇਫ਼ ਸਰੀ ਕੋਆਲਿਸ਼ਨ ਨੇ ਇੱਕ ਹੋਰ ਦਸਤਾਵੇਜ਼ ਵੀ ਜਾਰੀ ਕੀਤਾ ਜਿਸ ਵਿੱਚ 20 ਜੁਲਾਈ ਨੂੰ ਪ੍ਰਕਾਸ਼ਿਤ ਇੱਕ ਗ੍ਰਾਫਿਕ ਦਾ ਜ਼ਿਕਰ ਕੀਤਾ ਗਿਆ। ਮੈਕਕੈਲਮ ਨੇ ਦੱਸਿਆ ਕਿ ਇਸ ਸਬੰਧੀ 12 ਦਸਤਾਵੇਜ਼ੀ ਸਬੂਤਾਂ ਸਮੇਤ ਇੱਕ ਵਿਸਥਾਰਪੂਰਵਕ ਰਿਪੋਰਟ ਆਰਸੀਐਮਪੀ ਨੂੰ ਵੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਦੋਸ਼ ਸੇਫ਼ ਸਰੀ ਕੋਆਲਿਸ਼ਨ ਵੱਲੋਂ ਲਗਾਏ ਗਏ ਹਨ ਅਤੇ ਸੰਬੰਧਿਤ ਧਿਰਾਂ ਵੱਲੋਂ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਅੰਤਿਮ ਨਤੀਜਾ ਜਾਰੀ ਨਹੀਂ ਕੀਤਾ ਗਿਆ। ਮੇਅਰ ਅਹੁਦੇ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਫੈਡਰਲ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕਰਦਿਆਂ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਅਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੂੰ ਇਸ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਉਣ ਲਈ ਕਿਹਾ ਹੈ।

ਰੁਝਾਨ ਖਬਰਾਂ