18.2 C
Vancouver
Thursday, August 13, 2026

ਰਿਚਮੰਡ ਆਰਸੀਐਮਪੀ ਵੱਲੋਂ ਬਿਨਾਂ ਪਰਮਿਟ ਓਵਰਸਾਈਜ਼ ਟਰੱਕ ਜ਼ਬਤ

ਵੈਨਕੂਵਰ (ਏਕਜੋਤ ਸਿੰਘ): ਰਿਚਮੰਡ ਆਰਸੀਐਮਪੀ ਦੇ ਅਧਿਕਾਰੀਆਂ ਨੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਇੱਕ ਕਮਰਸ਼ੀਅਲ ਵਾਹਨ ਖਿਲਾਫ ਸਖਤ ਕਾਰਵਾਈ ਕੀਤੀ ਹੈ। ਇਹ ਵਾਹਨ ਗਾਰਡਨ ਸਿਟੀ ਰੋਡ ਉੱਤੇ ਇੱਕ ਓਵਰਸਾਈਜ਼ ਡੋਜ਼ਰ ਲੈ ਕੇ ਜਾ ਰਿਹਾ ਸੀ। ਪੁਲਿਸ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਇਸ ਵਾਹਨ ਕੋਲ ਲੋੜੀਂਦਾ ਓਵਰਸਾਈਜ਼ ਵਾਹਨ ਪਰਮਿਟ ਮੌਜੂਦ ਨਹੀਂ ਸੀ ਜੋ ਕਿ ਅਜਿਹੇ ਭਾਰੀ ਅਤੇ ਚੌੜੇ ਵਾਹਨਾਂ ਨੂੰ ਸੜਕ ਉੱਤੇ ਚਲਾਉਣ ਲਈ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੁੰਦਾ ਹੈ। ਇਸ ਅਣਗਹਿਲੀ ਕਾਰਨ ਸੂਬਾਈ ਆਵਾਜਾਈ ਕਾਨੂੰਨਾਂ ਤਹਿਤ ਵਾਹਨ ਚਾਲਕ ਖਿਲਾਫ ਬਣਦੇ ਚਾਰਜ ਲਗਾਏ ਗਏ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ 22 ਜੁਲਾਈ ਨੂੰ ਕਾਰਪੋਰਲ ਹਰਮੇਸ ਵੱਲੋਂ ਗਾਰਡਨ ਸਿਟੀ ਰੋਡ ਉੱਤੇ ਇੱਕ ਟ੍ਰੈਫਿਕ ਸਟਾਪ ਦੌਰਾਨ ਇਸ ਕਮਰਸ਼ੀਅਲ ਵਾਹਨ ਨੂੰ ਰੋਕਿਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਟਰੱਕ ਅਤੇ ਡੋਜ਼ਰ ਦੇ ਸੁਮੇਲ ਦੀ ਕੁੱਲ ਚੌੜਾਈ ਲਗਭਗ 3.8 ਮੀਟਰ ਸੀ ਜੋ ਕਿ 12.4 ਫੁੱਟ ਦੇ ਬਰਾਬਰ ਬਣਦੀ ਹੈ। ਇਸ ਅਸਧਾਰਨ ਚੌੜਾਈ ਕਾਰਨ ਇਹ ਵਾਹਨ ਸੜਕ ਦੀਆਂ ਲਗਭਗ ਦੋ ਪੂਰੀਆਂ ਟ੍ਰੈਫਿਕ ਲੇਨਾਂ ਨੂੰ ਘੇਰ ਰਿਹਾ ਸੀ ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਣ ਅਤੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਹੋਇਆ ਸੀ। ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਤੁਰੰਤ ਪ੍ਰਭਾਵ ਨਾਲ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਕਮਰਸ਼ੀਅਲ ਟਰਾਂਸਪੋਰਟ ਐਕਟ ਦੇ ਨਿਯਮਾਂ ਅਨੁਸਾਰ ਸੜਕਾਂ ਉੱਤੇ ਚੱਲਣ ਵਾਲੇ ਵਾਹਨਾਂ ਦੀ ਵੱਧ ਤੋਂ ਵੱਧ ਪ੍ਰਵਾਨਿਤ ਚੌੜਾਈ 2.6 ਮੀਟਰ ਤੈਅ ਕੀਤੀ ਗਈ ਹੈ। ਜਿਹੜੇ ਵਾਹਨ ਇਸ ਨਿਰਧਾਰਤ ਸੀਮਾ ਨੂੰ ਪਾਰ ਕਰਦੇ ਹਨ ਉਨ੍ਹਾਂ ਲਈ ਓਵਰਸਾਈਜ਼ ਵਾਹਨ ਪਰਮਿਟ ਪ੍ਰਾਪਤ ਕਰਨਾ ਲਾਜ਼ਮੀ ਹੁੰਦਾ ਹੈ। ਇਸ ਪਰਮਿਟ ਵਿੱਚ ਆਵਾਜਾਈ ਸਬੰਧੀ ਵਿਸ਼ੇਸ਼ ਸੁਰੱਖਿਆ ਜ਼ਰੂਰਤਾਂ ਦਰਜ ਹੁੰਦੀਆਂ ਹਨ ਜਿਨ੍ਹਾਂ ਵਿੱਚ ਪ੍ਰਵਾਨਿਤ ਸਫਰ ਵਾਲੇ ਰੂਟ ਅਤੇ ਲੋੜ ਪੈਣ ਉੱਤੇ ਪਾਇਲਟ ਵਾਹਨਾਂ ਦੀ ਵਰਤੋਂ ਕਰਨਾ ਸ਼ਾਮਲ ਹੁੰਦਾ ਹੈ ਤਾਂ ਜੋ ਸੜਕ ਉੱਤੇ ਚੱਲਣ ਵਾਲੇ ਹੋਰ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਪੁਲਿਸ ਵੱਲੋਂ ਸਾਰੇ ਟਰਾਂਸਪੋਰਟਰਾਂ ਨੂੰ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ