ਜੁਪਿੰਦਰਜੀਤ ਸਿੰਘ
ਫ਼ਿਲਮ ‘ਸਤਲੁਜ’ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਜਦੋਂ ਪੰਜਾਬ ਇੱਕ ਵਾਰ ਫਿਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਕੰਮ ਨੂੰ ਯਾਦ ਕਰ ਰਿਹਾ ਹੈ, ਤਾਂ ਉਸ ਸ਼ਖ਼ਸ ਦਾ ਨਾਮ ਲਗਭਗ ਜਨਤਕ ਚੇਤਿਆਂ ਵਿਚੋਂ ਗੁੰਮ ਹੋ ਚੁੱਕਾ ਹੈ, ਜਿਸ ਨੇ ਖਾਲੜਾ ਦਾ ਮਾਰਗ-ਦਰਸ਼ਨ ਕੀਤਾ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਰੂਪ ਦਿੱਤਾ।
ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਰਾਮ ਨਾਰਾਇਣ ਕੁਮਾਰ ਨੇ ਪੰਜਾਬ ਵਿਚ ਖਾਲੜਾ ਦੇ ਨਾਲ ਮਿਲ ਕੇ ਕੰਮ ਕੀਤਾ। ਦੋਵਾਂ ਨੇ ਮਿਲ ਕੇ ਝੂਠੇ ਪੁਲਿਸ ਮੁਕਾਬਲਿਆਂ ਅਤੇ ਚੁੱਕ ਕੇ ਲਾਪਤਾ ਕੀਤੇ ਗਏ ਲੋਕਾਂ ਬਾਰੇ ਬਹੁਤ ਹੀ ਬਾਰੀਕ-ਬੀਨੀਂ ਨਾਲ ਰਿਪੋਰਟਾਂ ਤਿਆਰ ਕੀਤੀਆਂ। ਅੱਗੇ ਚੱਲ ਕੇ ਇਹੀ ਰਿਪੋਰਟਾਂ ਇਤਿਹਾਸਕ ਕਾਨੂੰਨੀ ਮਾਮਲਿਆਂ ਅਤੇ ਇਸ ਵਿਸ਼ੇ ਉੱਤੇ ਲਿਖੀਆਂ ਮਹੱਤਵਪੂਰਨ ਕਿਤਾਬਾਂ ਦਾ ਆਧਾਰ ਬਣੀਆਂ।
ਆਪਣੀ ਪ੍ਰਸਿੱਧ ਰਿਪੋਰਟ ‘ਰਿਡਿਊਸਡ ਟੂ ਐਸ਼ਿਜ਼’ (Reduced to Ashes) ਅਤੇ 2008 ਵਿਚ ਪ੍ਰਕਾਸ਼ਿਤ ਆਪਣੀ ਆਖ਼ਰੀ ਕਿਤਾਬ ‘ਟੈਰਰ ਇਨ ਪੰਜਾਬ: ਨੈਰੇਟਿਵਜ਼, ਨੌਲਿਜ ਐਂਡ ਟਰੂਥ’ ਤੋਂ ਇਲਾਵਾ, ਕੁਮਾਰ ਨੇ ‘ਦਿ ਸਿੱਖ ਸਟ੍ਰੱਗਲ: ਓਰਿਜਿਨ, ਈਵੋਲੂਸ਼ਨ ਐਂਡ ਪ੍ਰੈਜ਼ੈਂਟ ਫੇਜ਼’ , ‘ਦਿ ਸਿੱਖ ਅਨਰੈਸਟ ਐਂਡ ਦਿ ਇੰਡਿਅਨ ਸਟੇਟ’ ਅਤੇ ਆਪਣੀਆਂ ਮੁੱਢਲੀਆਂ ਰਾਜਨੀਤਿਕ ਯਾਦਾਂ ‘ਕਨਫਰੰਟਿੰਗ ਦਿ ਹਿੰਦੂ ਸਫਿੰਕਸ’ ਵਰਗੀਆਂ ਮਹੱਤਵਪੂਰਨ ਰਚਨਾਵਾਂ ਵੀ ਲਿਖੀਆਂ।
ਮੂਲ ਰੂਪ ਵਿਚ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਕੁਮਾਰ ਬਾਅਦ ਵਿਚ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਫਿਰ ਆਸਟਰੀਆ ਦੇ ਵੀਆਨਾ ਵਿਚ ਜਾ ਵੱਸੇ। ਇਸ ਦੇ ਬਾਵਜੂਦ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਤੱਥ ਖੋਜ ਦਾ ਆਪਣਾ ਕੰਮ ਜਾਰੀ ਰੱਖਿਆ। ਉਨ੍ਹਾਂ ਨੇ ਐਮਰਜੈਂਸੀ, ਪੰਜਾਬ ਦੀ ਬਗ਼ਾਵਤ, 1984 ਦੇ ਸਿੱਖ ਵਿਰੋਧੀ ਕਤਲੇਆਮ ਅਤੇ ਬਾਅਦ ਵਿਚ ਜੰਮੂ-ਕਸ਼ਮੀਰ, ਅਸਾਮ ਅਤੇ ਮੁਲਕ ਦੇ ਹੋਰ ਹਿੱਸਿਆਂ ਵਿਚ ਹੋਈਆਂ ਮਨੁੱਖੀ ਅਧਿਕਾਰ ਉਲੰਘਣਾਵਾਂ ਦਾ ਲਗਾਤਾਰ ਅਧਿਐਨ ਅਤੇ ਦਸਤਾਵੇਜ਼ੀਕਰਨ ਕੀਤਾ।
ਚੰਡੀਗੜ੍ਹ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਜਿਨ੍ਹਾਂ ਨੇ ਜਾਅਲੀ ਪੁਲਿਸ ਮੁਕਾਬਲਿਆਂ ਦੇ ਖ਼ਿਲਾਫ਼ ਕਈ ਕਾਨੂੰਨੀ ਲੜਾਈਆਂ ਲੜੀਆਂ ਹਨ, ਰਾਮ ਨਾਰਾਇਣ ਕੁਮਾਰ ਨੂੰ ਜਸਵੰਤ ਸਿੰਘ ਖਾਲੜਾ ਦਾ ਬੁਨਿਆਦੀ ਮਾਰਗ-ਦਰਸ਼ਕ ਮੰਨਦੇ ਹਨ। ਬੈਂਸ ਕਹਿੰਦੇ ਹਨ, ‘ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਲਾਸ਼ਾਂ ਦੇ ਸਸਕਾਰਾਂ ਬਾਰੇ ਖੋਜ ਸ਼ੁਰੂ ਕੀਤੀ ਸੀ, ਪਰ ਉਨ੍ਹਾਂ ਨੂੰ ਕਾਨੂੰਨੀ ਪੱਖੋਂ ਮਜ਼ਬੂਤ ਅਤੇ ਸੁਚੱਜੇ ਦਸਤਾਵੇਜ਼ੀਕਰਨ ਦੀ ਵਿਧੀ ਰਾਮ ਨਾਰਾਇਣ ਕੁਮਾਰ ਨੇ ਸਿਖਾਈ।’ ਬੈਂਸ ਦੇ ਅਨੁਸਾਰ, ਅਕਾਲ ਤਖ਼ਤ ਦੇ ਜਥੇਦਾਰ ਗੁਰਦੇਵ ਸਿੰਘ ਕਾਓਂਕੇ ਦੇ ਅਗਵਾ ਅਤੇ ਕਤਲ ਦੀ ਜਾਂਚ ਵਿਚ ਵੀ ਕੁਮਾਰ ਦੀ ਭੂਮਿਕਾ ਰਹੀ।
ਅੰਮ੍ਰਿਤਸਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਦਾ ਕਹਿਣਾ ਹੈ ਕਿ ਪੰਜਾਬ ਦੇ ਸਭ ਤੋਂ ਖ਼ੂਨੀ ਦੌਰ ਦੌਰਾਨ ਹਿਰਾਸਤੀ ਕਤਲਾਂ ਅਤੇ ਚੁੱਕ ਕੇ ਲਾਪਤਾ ਕੀਤੇ ਗਏ ਲੋਕਾਂ ਦਾ ਸਭ ਤੋਂ ਲਗਾਤਾਰ ਅਤੇ ਗੰਭੀਰ ਦਸਤਾਵੇਜ਼ੀਕਰਨ ਕਰਨ ਵਾਲਿਆਂ ਵਿਚ ਸ਼ਾਮਲ ਹੋਣ ਦੇ ਬਾਵਜੂਦ ਰਾਮ ਨਾਰਾਇਣ ਕੁਮਾਰ ਨੂੰ ਉਹ ਮਾਣ-ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ। ਵੇਰਕਾ ਦੱਸਦੇ ਹਨ ਕਿ ਆਸਟਰੀਆ ਤੋਂ ਕਾਠਮੰਡੂ ਵਾਪਸ ਆਉਣ ਤੋਂ ਬਾਅਦ 28 ਜੂਨ 2009 ਨੂੰ 56 ਸਾਲ ਦੀ ਉਮਰ ਵਿਚ ਅਚਾਨਕ ਬਿਮਾਰੀ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਵੈੱਬਸਾਈਟ Sikhchic.com ਉੱਤੇ ਪ੍ਰਕਾਸ਼ਿਤ ਇੱਕ ਸ਼ਰਧਾਂਜਲੀ ਵਿਚ ਉਨ੍ਹਾਂ ਦੇ ਕਰੀਬੀ ਸਾਥੀ ਜਗਮੋਹਨ ਸਿੰਘ ਨੇ ਕੁਮਾਰ ਨੂੰ ਇੱਕ ਦੁਬਲੇ-ਪਤਲੇ, ਬੇਹੱਦ ਸਾਦੇ ਅਤੇ ਨਿਮਰ ਵਿਅਕਤੀ ਵਜੋਂ ਯਾਦ ਕੀਤਾ, ਜਿਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਿੱਖ ਮਸਲੇ ਨਾਲ ਜੋੜ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੁਮਾਰ ਪਹਿਲਾਂ ਇੱਕ ਸੰਨਿਆਸੀ ਰਹਿ ਚੁੱਕੇ ਸਨ, ਦਿੱਲੀ ਵਿਚ ਰਹਿੰਦੇ ਸਨ ਅਤੇ ਮਨੁੱਖੀ ਅਧਿਕਾਰ ਉਲੰਘਣਾਵਾਂ ਦਾ ਪਰਦਾਫਾਸ਼ ਕਰਨ ਵਿਚ ਉਨ੍ਹਾਂ ਦੀ ਡੂੰਘੀ ਦਿਲਚਸਪੀ ਸੀ।
ਜਗਮੋਹਨ ਸਿੰਘ ਅਨੁਸਾਰ, ਕੁਮਾਰ ਹਮੇਸ਼ਾ ਸਫ਼ਰ ਵਿਚ ਰਹਿੰਦੇ ਸਨ। ਉਹ ਲਗਾਤਾਰ ਵਕੀਲਾਂ, ਪੀੜਤ ਪਰਿਵਾਰਾਂ ਅਤੇ ਸਾਬਕਾ ਖਾੜਕੂਆਂ ਨੂੰ ਮਿਲਦੇ ਰਹਿੰਦੇ ਸਨ—ਹਰ ਉਸ ਵਿਅਕਤੀ ਨੂੰ ਜੋ ਉਨ੍ਹਾਂ ਨੂੰ ਸੱਚ ਦੇ ਹੋਰ ਨੇੜੇ ਲੈ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਿੱਲੀ ਵਿਚ ਆਪਣਾ ਘਰ ਹੋਣ ਦੇ ਬਾਵਜੂਦ ਕੁਮਾਰ ਕਈ-ਕਈ ਮਹੀਨੇ ਇੱਕ ਹੋਟਲ ਦੇ ਕਮਰੇ ਵਿਚ ਰਹਿੰਦੇ ਸਨ ਤਾਂ ਜੋ ਸਿੱਖਾਂ ਬਾਰੇ ਆਪਣੀ ਕਿਤਾਬ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਕਰ ਸਕਣ। ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਸੀ।
ਰਾਮ ਨਾਰਾਇਣ ਕੁਮਾਰ ਦੀ ਜੀਵਨੀ ਲਿਖਣ ਵਾਲੀ ਅੰਜੁਮਨ ਆਰਾ ਬੇਗਮ ਦੇ ਅਨੁਸਾਰ, ਉਨ੍ਹਾਂ ਦਾ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਪੰਜਾਬ ਨਾਲ ਜੁੜਨ ਤੋਂ ਕਾਫ਼ੀ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। 1975 ਵਿਚ ਐਮਰਜੈਂਸੀ ਦਾ ਵਿਰੋਧ ਕਰਨ ਕਾਰਨ ਉਨ੍ਹਾਂ ਨੂੰ 19 ਮਹੀਨੇ ਜੇਲ੍ਹ ਵਿਚ ਰਹਿਣਾ ਪਿਆ ਸੀ। ਪੰਜਾਬ ਨਾਲ ਉਨ੍ਹਾਂ ਦਾ ਕੋਈ ਨਸਲੀ, ਸੱਭਿਆਚਾਰਕ ਜਾਂ ਪਰਿਵਾਰਕ ਰਿਸ਼ਤਾ ਨਹੀਂ ਸੀ। ਬੇਗਮ ਲਿਖਦੀ ਹੈ ਕਿ ਪੰਜਾਬ ਦੇ ਮਨੁੱਖੀ ਅਧਿਕਾਰ ਸੰਕਟ ਨੇ ਉਨ੍ਹਾਂ ਨੂੰ ਕਿਸੇ ਨਿੱਜੀ ਪਛਾਣ ਕਰਕੇ ਨਹੀਂ, ਸਗੋਂ ਜ਼ਮੀਰ ਦੀ ਆਵਾਜ਼ ਦੇ ਕਾਰਨ ਆਪਣੀ ਵੱਲ ਖਿੱਚਿਆ।
ਇਸੇ ਅਟੱਲ ਵਚਨਬੱਧਤਾ ਨੇ ਕੁਮਾਰ ਨੂੰ ਕਮੇਟੀ ਫ਼ਾਰ ਕੋਆਰਡੀਨੇਸ਼ਨ ਆਨ ਡਿਸਅਪੀਅਰੈਂਸਿਜ਼ ਇਨ ਪੰਜਾਬ (Comimttee for Coordination on Disappearances in Punjab) ਦੇ ਸਹਿ-ਸੰਸਥਾਪਕਾਂ ਵਿਚ ਸ਼ਾਮਲ ਕੀਤਾ। ਉਨ੍ਹਾਂ ਨੇ ‘ਰਿਡਿਊਸਡ ਟੂ ਐਸ਼ਿਜ਼’ ਨਾਂ ਦੀ ਰਿਪੋਰਟ ਹੋਰ ਟੀਮ ਨਾਲ ਮਿਲ ਕੇ ਲਿਖੀ, ਜਿਸ ਵਿਚ ਹਿਰਾਸਤ ਦੌਰਾਨ ਚੁੱਕ ਕੇ ਲਾਪਤਾ ਕੀਤੇ ਜਾਣ ਅਤੇ ਕਤਲਾਂ ਦੇ ਲਗਭਗ 600 ਮਾਮਲਿਆਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਸੀ। ਬੇਗਮ ਦੇ ਅਨੁਸਾਰ, ਇਸੇ ਰਿਪੋਰਟ ਕਾਰਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.) ਨੇ ਪਹਿਲੀ ਵਾਰ ਇਨ੍ਹਾਂ ਜ਼ੁਲਮਾਂ ਦੇ ਵਿਆਪਕ ਪੈਮਾਨੇ ਨੂੰ ਰਸਮੀ ਤੌਰ ‘ਤੇ ਸਵੀਕਾਰ ਕੀਤਾ।
ਬੇਗਮ ਨੇ ਕੁਮਾਰ ਦੀ ਕਾਰਜ-ਵਿਧੀ ਦਾ ਵਰਣਨ ਕਰਦਿਆਂ ਲਿਖਿਆ ਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਕਿਸੇ ਵੀ ਅਧਿਐਨ ਦੀ ਸ਼ੁਰੂਆਤ ਤੋਂ ਪਹਿਲਾਂ ਡੂੰਘੀ ‘ਤਿਆਰੀ’ (Homework) ਕਰਨੀ ਬਹੁਤ ਜ਼ਰੂਰੀ ਹੈ, ਅਤੇ ਹਿੰਸਾ ਨਾਲ ਸਬੰਧਤ ਕੋਈ ਵੀ ਜਾਂਚ ਓਦੋਂ ਤੱਕ ਪੂਰੀ ਨਹੀਂ ਹੋ ਸਕਦੀ ਜਦ ਤੱਕ ਪੀੜਤਾਂ ਅਤੇ ਬਚੇ ਹੋਏ ਲੋਕਾਂ ਨਾਲ ਸਿੱਧੀ ਗੱਲਬਾਤ ਨਾ ਕੀਤੀ ਜਾਵੇ। ਇਸੇ ਲਈ ਉਹ ਸਭ ਤੋਂ ਦੂਰ-ਦਰਾਜ ਇਲਾਕਿਆਂ ਤੱਕ ਜਾ ਕੇ ਖੁਦ ਪੀੜਤਾਂ ਦੀ ਗੱਲ ਸੁਣਦੇ ਸਨ।
ਆਪਣੇ ਆਖ਼ਰੀ ਸਾਲਾਂ ਵਿਚ ਰਾਮ ਨਾਰਾਇਣ ਕੁਮਾਰ ਨੇ ਆਪਣਾ ਧਿਆਨ ਉੱਤਰ-ਪੂਰਬੀ ਭਾਰਤ ਵੱਲ ਕੇਂਦਰਿਤ ਕੀਤਾ। ਉਨ੍ਹਾਂ ਨੇ ਅਸਾਮ, ਮਣੀਪੁਰ, ਨਾਗਾਲੈਂਡ ਅਤੇ ਤ੍ਰਿਪੁਰਾ ਦਾ ਦੌਰਾ ਕਰਕੇ ਉੱਥੇ ਹੋ ਰਹੀਆਂ ਮਨੁੱਖੀ ਅਧਿਕਾਰ ਉਲੰਘਣਾਵਾਂ ਦਾ ਦਸਤਾਵੇਜ਼ੀਕਰਨ ਸ਼ੁਰੂ ਕੀਤਾ, ਪਰ ਉਨ੍ਹਾਂ ਦੀ ਇਹ ਮੁਹਿੰਮ ਉਨ੍ਹਾਂ ਦੇ ਅਚਨਚੇਤ ਦੇਹਾਂਤ ਕਾਰਨ ਅਧੂਰੀ ਰਹਿ ਗਈ।
ਪਿੱਛੇ ਹੁਣ ਉਨ੍ਹਾਂ ਦੀ ਪਤਨੀ ਗਰਟੀ, ਧੀ ਕ੍ਰਿਸਟੀਨਾ, ਭੈਣ ਸੀਤਾ ਅਤੇ ਭਰਾ ਗੋਪਾਲ ਹਨ, ਜੋ ਸਾਰੇ ਆਸਟਰੀਆ ਵਿਚ ਰਹਿੰਦੇ ਹਨ।
(ਦੀ ਟ੍ਰਿਬਿਊਨ 18 ਜੁਲਾਈ 2026 ਦੇ ਧੰਨਵਾਦ ਸਹਿਤ) ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ
ਰਾਮ ਨਾਰਾਇਣ ਕੁਮਾਰ: ਉਹ ਸ਼ਖ਼ਸ ਜਿਸ ਨੇ ਜਸਵੰਤ ਸਿੰਘ ਖਾਲੜਾ ਨੂੰ ਰਾਹ ਦਿਖਾਇਆ

