18.2 C
Vancouver
Thursday, August 13, 2026

ਫਰਾਂਸ ਵਿੱਚ ਜੰਗਲੀ ਅੱਗ ਦਾ ਕਹਿਰ: 4000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ

ਵੈਨਕੂਵਰ (ਏਕਜੋਤ ਸਿੰਘ): ਫਰਾਂਸ ਦੇ ਅਧਿਕਾਰੀਆਂ ਨੇ ਅਟਲਾਂਟਿਕ ਤੱਟ ‘ਤੇ ਸਥਿਤ ਸੈਲਾਨੀ ਥਾਵਾਂ ਤੋਂ ਕਰੀਬ 4000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਆਦੇਸ਼ ਦਿੱਤੇ ਹਨ। ਬਾਰਡੋ ਦੇ ਪੱਛਮ ਵਿੱਚ ਗਿਰੋਨਡੇ ਖੇਤਰ ਵਿੱਚ ਲੱਗੀ ਜੰਗਲੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਅੱਗ ਨੇ ਪੈਰਿਸ ਦੇ ਆਕਾਰ ਤੋਂ ਚਾਰ ਗੁਣਾ ਵੱਧ ਰਕਬੇ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ, ਜਿਸ ਕਾਰਨ 220000 ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਫਰਾਂਸ ਅਤੇ ਸਪੇਨ ਵਿੱਚ ਇਸ ਭਿਆਨਕ ਅੱਗ ਕਾਰਨ ਲਗਭਗ 330000 ਲੋਕ ਪ੍ਰਭਾਵਿਤ ਹੋਏ ਹਨ। ਸਪੇਨ ਇਸ ਗਰਮੀਆਂ ਦੀ ਆਪਣੀ ਚੌਥੀ ਹੀਟ ਵੇਵ ਦਾ ਸਾਹਮਣਾ ਕਰ ਰਿਹਾ ਹੈ ਅਤੇ ਉੱਥੇ ਵੀ ਕਈ ਥਾਵਾਂ ‘ਤੇ ਅੱਗ ਲੱਗੀ ਹੋਈ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲੌਰੇਂਟ ਨੁਨੇਜ਼ ਨੇ ਕਿਹਾ ਕਿ ਸ਼ਾਂਤੀ ਦੇ ਸਮੇਂ ਵਿੱਚ ਦੇਸ਼ ਅੰਦਰ ਇਹ ਹੁਣ ਤੱਕ ਦਾ ਸਭ ਤੋਂ ਵਿਆਪਕ ਨਾਗਰਿਕ ਨਿਕਾਸੀ ਕਾਰਜ ਹੈ। ਫਾਇਰ ਫਾਈਟਰਜ਼ ਨੇ ਰਾਤ ਭਰ ਮਿਹਨਤ ਕਰਕੇ ਗਿਰੋਨਡੇ ਦੀ ਅੱਗ ਨੂੰ 420 ਵਰਗ ਕਿਲੋਮੀਟਰ ਦੇ ਖੇਤਰ ਤੱਕ ਸੀਮਤ ਰੱਖਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਹਾਲਾਂਕਿ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਤਾਪਮਾਨ ਵਧਣ ਅਤੇ ਨਮੀ ਘਟਣ ਕਾਰਨ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਆਪਣਾ ਵੱਖਰਾ ਮੌਸਮ ਬਣਾ ਲਿਆ ਅਤੇ ਇੱਕ ਭਾਰੀ ਕਾਲਾ ਬੱਦਲ ਪੈਦਾ ਕਰ ਦਿੱਤਾ ਜਿਸ ਵਿੱਚੋਂ ਬਿਜਲੀ ਡਿੱਗਣ ਲੱਗੀ। ਫਰਾਂਸ ਦੇ ਇਤਿਹਾਸ ਵਿੱਚ ਇਹ ਅਜਿਹਾ ਪਹਿਲਾ ਤੂਫਾਨ ਦਰਜ ਕੀਤਾ ਗਿਆ ਹੈ। ਫਰਾਂਸ ਵਿੱਚ ਇਸ ਸਾਲ 1160 ਵਰਗ ਕਿਲੋਮੀਟਰ ਤੋਂ ਵੱਧ ਦਾ ਰਕਬਾ ਸੜ ਚੁੱਕਾ ਹੈ। ਯੂਰਪ ਵਿਸ਼ਵ ਪੱਧਰ ‘ਤੇ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਂਦੀਪ ਬਣ ਗਿਆ ਹੈ। ਐਮਰਜੈਂਸੀ ਸੇਵਾਵਾਂ ਘਰਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਲੇ ਪੋਰਗੇ ਵਿੱਚ ਕਰੀਬ 150 ਘਰ ਤਬਾਹ ਹੋ ਗਏ ਹਨ ਅਤੇ ਬਚਾਅ ਕਾਰਜਾਂ ਦੌਰਾਨ 93 ਫਾਇਰ ਫਾਈਟਰਜ਼ ਜ਼ਖਮੀ ਹੋਏ ਹਨ। ਦੂਜੇ ਪਾਸੇ ਲੈਂਡਸ ਖੇਤਰ ਵਿੱਚ ਅੱਗ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ ਹੈ, ਜਿਸ ਮਗਰੋਂ 15000 ਲੋਕਾਂ ਨੂੰ ਆਪਣੇ ਘਰਾਂ ਵਿੱਚ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਅਧਿਕਾਰੀਆਂ ਨੇ ਅਲਰਟ ਜਾਰੀ ਰੱਖਿਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ