ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਲੰਗਾਰਾ ਤੋਂ ਵਿਧਾਇਕ ਸੁਨੀਤਾ ਧੀਰ ਨੇ ਕਿਲੋਨਾ ਵਿਖੇ ਹੋਈਆਂ 2026 ਬੀਸੀ ਸਮਰ ਗੇਮਜ਼ ਵਿੱਚ ਸ਼ਿਰਕਤ ਕੀਤੀ। ਇਸ ਖੇਡ ਮੇਲੇ ਵਿੱਚ ਉਨ੍ਹਾਂ ਨੇ ਹਜ਼ਾਰਾਂ ਐਥਲੀਟਾਂ, ਕੋਚਾਂ, ਅਧਿਕਾਰੀਆਂ ਅਤੇ ਵਲੰਟੀਅਰਾਂ ਨਾਲ ਮਿਲ ਕੇ ਬ੍ਰਿਟਿਸ਼ ਕੋਲੰਬੀਆ ਦੇ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਅਤੇ ਲਗਨ ਦਾ ਜਸ਼ਨ ਮਨਾਇਆ। ਇਹ ਖੇਡਾਂ ਸੂਬੇ ਦੇ ਉਭਰਦੇ ਖਿਡਾਰੀਆਂ ਲਈ ਇੱਕ ਮੰਚ ਪ੍ਰਦਾਨ ਕਰਦੀਆਂ ਹਨ।
ਇਨ੍ਹਾਂ ਖੇਡਾਂ ਵਿੱਚ 3,000 ਤੋਂ ਜ਼ਿਆਦਾ ਐਥਲੀਟਾਂ, ਕੋਚਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ। ਖਿਡਾਰੀਆਂ ਨੇ ਕੁੱਲ 19 ਵੱਖ ਵੱਖ ਖੇਡਾਂ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ਵਿੱਚ ਕੁਸ਼ਤੀ, ਤੈਰਾਕੀ, ਐਥਲੈਟਿਕਸ, ਬਾਸਕਟਬਾਲ, ਰਗਬੀ, ਟ੍ਰਾਈਥਲੋਨ, ਵਾਲੀਬਾਲ, ਬੇਸਬਾਲ, ਰੋਇੰਗ, ਕੈਨੋਇੰਗ ਕਯਾਕਿੰਗ, ਗੋਲਫ ਅਤੇ ਲੈਕਰੋਸ ਸ਼ਾਮਲ ਸਨ। ਹਰ ਇੱਕ ਖੇਡ ਵਿੱਚ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ।
ਵਿਧਾਇਕ ਧੀਰ ਲਈ ਇਨ੍ਹਾਂ ਖੇਡਾਂ ਦਾ ਇੱਕ ਖਾਸ ਪਲ ਵੈਨਕੂਵਰ, ਸਰੀ ਅਤੇ ਲੋਅਰ ਮੇਨਲੈਂਡ ਦੇ ਹੋਰ ਭਾਈਚਾਰਿਆਂ ਦੇ ਐਥਲੀਟਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਵੇਖਣਾ ਸੀ। ਇਸ ਵਿੱਚ ਬਹੁਤ ਸਾਰੇ ਪੰਜਾਬੀ ਪਿਛੋਕੜ ਵਾਲੇ ਖਿਡਾਰੀ ਵੀ ਸ਼ਾਮਲ ਸਨ। ਪੰਜਾਬੀ ਐਥਲੀਟਾਂ ਨੇ ਸਫਲਤਾ ਦੀ ਆਪਣੀ ਮਾਣਮੱਤੀ ਪਰੰਪਰਾ ਨੂੰ ਬਰਕਰਾਰ ਰੱਖਿਆ। ਉਨ੍ਹਾਂ ਨੇ ਖਾਸ ਤੌਰ ਉੱਤੇ ਕੁਸ਼ਤੀ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਕਈ ਹੋਰ ਖੇਡਾਂ ਵਿੱਚ ਵੀ ਸਖਤ ਮੁਕਾਬਲਾ ਦਿੱਤਾ।
ਖੇਡਾਂ ਦੌਰਾਨ ਸੁਨੀਤਾ ਧੀਰ ਨੇ ਸਾਥੀ ਵਿਧਾਇਕਾਂ ਨਾਲ ਮਿਲ ਕੇ ਕਿਲੋਨਾ ਦੇ ਮੇਅਰ ਟੌਮ ਡਾਇਸ ਨੂੰ ਇੱਕ ਸੂਬਾਈ ਘੋਸ਼ਣਾ ਪੱਤਰ ਵੀ ਸੌਂਪਿਆ। ਇਹ ਪੱਤਰ 2026 ਬੀਸੀ ਸਮਰ ਗੇਮਜ਼ ਦੀ ਮੇਜ਼ਬਾਨੀ ਕਰਨ ਅਤੇ ਖੇਡਾਂ ਤੇ ਸਿਹਤਮੰਦ ਭਾਈਚਾਰਿਆਂ ਪ੍ਰਤੀ ਸ਼ਹਿਰ ਦੀ ਵਚਨਬੱਧਤਾ ਨੂੰ ਮਾਨਤਾ ਦੇਣ ਲਈ ਦਿੱਤਾ ਗਿਆ। ਧੀਰ ਨੇ ਉਦਘਾਟਨੀ ਸਮਾਰੋਹ ਵਿੱਚ ਵੀ ਹਿੱਸਾ ਲਿਆ ਅਤੇ ਤੈਰਾਕੀ, ਟ੍ਰਾਈਥਲੋਨ ਅਤੇ ਮਹਿਲਾ ਰਗਬੀ ਵਿੱਚ ਜੇਤੂਆਂ ਨੂੰ ਤਗਮੇ ਪ੍ਰਦਾਨ ਕਰਨ ਦਾ ਮਾਣ ਪ੍ਰਾਪਤ ਕੀਤਾ।
ਇਸ ਮੌਕੇ ਵਿਧਾਇਕ ਧੀਰ ਨੇ ਕਿਹਾ ਕਿ ਇੰਨੇ ਸਾਰੇ ਪ੍ਰਤਿਭਾਸ਼ਾਲੀ ਨੌਜਵਾਨ ਐਥਲੀਟਾਂ ਨੂੰ ਦ੍ਰਿੜਤਾ ਅਤੇ ਖੇਡ ਭਾਵਨਾ ਨਾਲ ਮੁਕਾਬਲਾ ਕਰਦੇ ਵੇਖਣਾ ਬਹੁਤ ਪ੍ਰੇਰਨਾਦਾਇਕ ਸੀ। ਉਨ੍ਹਾਂ ਕਿਹਾ ਕਿ ਮੈਨੂੰ ਖਾਸ ਤੌਰ ਉੱਤੇ ਸਾਡੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਐਥਲੀਟਾਂ ਨੂੰ ਸ਼ਾਨਦਾਰ ਤਰੀਕੇ ਨਾਲ ਆਪਣੇ ਸ਼ਹਿਰਾਂ ਦੀ ਨੁਮਾਇੰਦਗੀ ਕਰਦੇ ਵੇਖ ਕੇ ਬਹੁਤ ਮਾਣ ਮਹਿਸੂਸ ਹੋਇਆ। ਇਹ ਪ੍ਰਾਪਤੀਆਂ ਉਨ੍ਹਾਂ ਦੀ ਸਖਤ ਮਿਹਨਤ, ਕੋਚਾਂ ਦੇ ਸਮਰਪਣ ਅਤੇ ਪਰਿਵਾਰਾਂ ਦੇ ਅਟੁੱਟ ਸਹਿਯੋਗ ਦਾ ਨਤੀਜਾ ਹਨ। ਅੰਤ ਵਿੱਚ ਧੀਰ ਨੇ 2026 ਬੀਸੀ ਸਮਰ ਗੇਮਜ਼ ਨੂੰ ਸਫਲ ਬਣਾਉਣ ਲਈ ਸਾਰੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਸ਼ਾਨਦਾਰ ਮਹਿਮਾਨਨਿਵਾਜ਼ੀ ਲਈ ਕਿਲੋਨਾ ਸ਼ਹਿਰ ਦਾ ਧੰਨਵਾਦ ਕੀਤਾ। This report was written by Ekjot Singh as part of the Local Journalism Initiative.
ਕਿਲੋਨਾ ਵਿੱਚ 2026 ਬੀ.ਸੀ. ਸਮਰ ਗੇਮਜ਼ ਦਾ ਸ਼ਾਨਦਾਰ ਆਯੋਜਨ

