ਵੈਨਕੂਵਰ (ਏਕਜੋਤ ਸਿੰਘ): ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ ਬ੍ਰਿਟਿਸ਼ ਕੋਲੰਬੀਆ ਯਾਨੀ ਸੀਐਫਐਸਈਯੂ ਬੀਸੀ ਦੀ ਇਲੀਗਲ ਫਾਇਰਆਰਮਜ਼ ਇਨਫੋਰਸਮੈਂਟ ਟੀਮ ਨੇ ਇੱਕ ਖੁਫੀਆ ਸਿੰਥੈਟਿਕ ਡਰੱਗ ਲੈਬਾਰਟਰੀ ਨੂੰ ਨਸ਼ਟ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚਕਰਤਾਵਾਂ ਨੇ ਪਾਇਆ ਕਿ ਇਹ ਸਹੂਲਤ ਅਜੇ ਨਿਰਮਾਣ ਅਧੀਨ ਸੀ ਪਰ ਇਸਦੇ ਪੂਰਾ ਹੋਣ ਤੋਂ ਬਾਅਦ ਇਹ ਫੈਂਟਾਨਿਲ, ਮੈਥਾਮਫੇਟਾਮਾਈਨ, ਐਮਡੀਐਮਏ ਅਤੇ ਜੀਐਚਬੀ ਵਰਗੀਆਂ ਕਈ ਤਰ੍ਹਾਂ ਦੀਆਂ ਡਰੱਗਜ਼ ਪੈਦਾ ਕਰਨ ਦੇ ਸਮਰੱਥ ਹੋਣੀ ਸੀ। ਇਸ ਮਾਮਲੇ ਦੀ ਜਾਂਚ ਫਰਵਰੀ ਵਿੱਚ ਸ਼ੁਰੂ ਹੋਈ ਸੀ ਜਦੋਂ ਟੀਮ ਨੇ ਇੱਕ ਅਜਿਹੇ ਵਿਅਕਤੀ ਦੀ ਪਛਾਣ ਕੀਤੀ ਸੀ ਜਿਸਦੇ ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ। 21 ਮਈ ਨੂੰ ਜਾਂਚਕਰਤਾਵਾਂ ਨੇ ਐਬਟਸਫੋਰਡ, ਸਰੀ ਅਤੇ ਐਂਡਰਬੀ ਵਿੱਚ ਕਈ ਥਾਵਾਂ ਉੱਤੇ ਸਰਚ ਵਾਰੰਟ ਲਾਗੂ ਕੀਤੇ ਸਨ।
ਇਸ ਕਾਰਵਾਈ ਦੌਰਾਨ ਖੁਫੀਆ ਲੈਬਾਰਟਰੀ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਭਾਰੀ ਮਾਤਰਾ ਵਿੱਚ ਹਥਿਆਰ, ਵਿਸਫੋਟਕ, ਗੈਰਕਾਨੂੰਨੀ ਡਰੱਗਜ਼ ਅਤੇ ਅਪਰਾਧ ਤੋਂ ਕਮਾਈ ਗਈ ਜਾਇਦਾਦ ਬਰਾਮਦ ਕੀਤੀ ਗਈ। ਜ਼ਬਤ ਕੀਤੀਆਂ ਗਈਆਂ ਚੀਜ਼ਾਂ ਵਿੱਚ 44 ਹਥਿਆਰ ਸ਼ਾਮਲ ਹਨ ਜਿਨ੍ਹਾਂ ਵਿੱਚ ਨਿੱਜੀ ਤੌਰ ਉੱਤੇ ਬਣਾਏ ਗਏ ਅਤੇ ਪਾਬੰਦੀਸ਼ੁਦਾ ਹਥਿਆਰ ਸ਼ਾਮਲ ਹਨ। ਇਸਤੋਂ ਇਲਾਵਾ 11 ਸਪ੍ਰੈਸਰ, ਓਵਰ ਕਪੈਸਿਟੀ ਕਾਰਤੂਸ ਮੈਗਜ਼ੀਨ, ਇਮਲਸ਼ਨ ਵਿਸਫੋਟਕ ਦੀਆਂ 65 ਟਿਊਬਾਂ ਅਤੇ ਭਾਰੀ ਮਾਤਰਾ ਵਿੱਚ ਗੋਲੀ ਸਿੱਕਾ ਬਰਾਮਦ ਹੋਇਆ ਹੈ। ਨਸ਼ਾ ਉਤਪਾਦਨ ਦੇ ਸਮਾਨ ਵਿੱਚ ਇੱਕ ਅਤਿ ਆਧੁਨਿਕ ਖੁਫੀਆ ਲੈਬ, ਲਗਭਗ 2 ਕਿਲੋਗ੍ਰਾਮ ਫੈਂਟਾਨਿਲ, 2 ਕਿਲੋਗ੍ਰਾਮ ਮੈਥਾਮਫੇਟਾਮਾਈਨ, 64 ਲੀਟਰ ਜੀਐਚਬੀ ਸਮੇਤ ਕੋਕੀਨ, ਕਰੈਕ ਕੋਕੀਨ, ਹੈਰੋਇਨ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਸ਼ਾਮਲ ਹਨ। ਮੌਕੇ ਤੋਂ 315 ਕੈਨਾਬਿਸ ਦੇ ਪੌਦੇ ਵੀ ਜ਼ਬਤ ਕੀਤੇ ਗਏ ਹਨ। ਹੋਰ ਸਬੂਤਾਂ ਵਿੱਚ ਲਗਭਗ 4,000 ਕੈਨੇਡੀਅਨ ਡਾਲਰ ਦੀ ਨਕਦੀ, ਚਾਰ ਸੋਨੇ ਦੇ ਬਿਸਕੁਟ, ਇੱਕ ਸੋਨੇ ਦਾ ਸਿੱਕਾ, 32 ਚਾਂਦੀ ਦੇ ਬਿਸਕੁਟ ਅਤੇ 74 ਚਾਂਦੀ ਦੇ ਸਿੱਕੇ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇੱਕ ਚੋਰੀ ਦੀ ਸ਼ੈਵਰਲੇਟ ਸਿਲਵਰਾਡੋ, ਪੰਜ ਹੋਰ ਵਾਹਨ ਅਤੇ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ। ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਚਾਰੇ ਵਿਅਕਤੀਆਂ ਨੂੰ ਅਗਲੇਰੀ ਜਾਂਚ ਤੱਕ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਉੱਤੇ ਜਲਦੀ ਹੀ ਦੋਸ਼ ਆਇਦ ਕੀਤੇ ਜਾਣ ਦੀ ਉਮੀਦ ਹੈ। ਸੀਐਫਐਸਈਯੂ ਬੀਸੀ ਦੇ ਮੀਡੀਆ ਰਿਲੇਸ਼ਨਜ਼ ਅਫਸਰ ਸਾਰਜੈਂਟ ਸਰਬਜੀਤ ਕੌਰ ਸੰਘਾ ਨੇ ਕਿਹਾ ਕਿ ਅਪਰਾਧਿਕ ਗਿਰੋਹ ਲਗਾਤਾਰ ਆਪਣੇ ਤਰੀਕਿਆਂ ਵਿੱਚ ਬਦਲਾਅ ਕਰ ਰਹੇ ਹਨ ਅਤੇ ਆਪਣੇ ਅਪਰਾਧਿਕ ਕਾਰੋਬਾਰਾਂ ਨੂੰ ਬਚਾਉਣ ਲਈ ਖਤਰਨਾਕ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ। This report was written by Ekjot Singh as part of the Local Journalism Initiative.
ਐਬਟਸਫੋਰਡ, ਸਰੀ ਅਤੇ ਐਂਡਰਬੀ ਵਿੱਚ ਛਾਪੇਮਾਰੀ, ਭਾਰੀ ਮਾਤਰਾ ਵਿੱਚ ਡਰੱਗਜ਼ ਬਰਾਮਦ

