18.2 C
Vancouver
Thursday, August 13, 2026

ਏਅਰਪੋਰਟ ਪ੍ਰੋਜੈਕਟ ਰੋਕੇ ਜਾਣ ‘ਤੇ ਪ੍ਰਭਮੀਤ ਸਰਕਾਰੀਆ ਨੇ ਫੈਡਰਲ ਸਰਕਾਰ ਨੂੰ ਘੇਰਿਆ

ਵੈਨਕੂਵਰ (ਏਕਜੋਤ ਸਿੰਘ): ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਬਿਲੀ ਬਿਸ਼ਪ ਏਅਰਪੋਰਟ ਦੇ ਵਿਸਥਾਰ ਦੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ ਹੈ। ਉਨ੍ਹਾਂ ਨੇ ਫੈਡਰਲ ਸਰਕਾਰ ਦੀ ਆਲੋਚਨਾ ਕੀਤੀ ਹੈ ਕਿਉਂਕਿ ਫੈਡਰਲ ਸਰਕਾਰ ਨੇ ਟੋਰਾਂਟੋ ਦੇ ਉਨ੍ਹਾਂ ਲੋਕਾਂ ਦੇ ਦਬਾਅ ਅੱਗੇ ਝੁਕਣ ਦਾ ਫੈਸਲਾ ਕੀਤਾ ਹੈ ਜੋ ਸੂਬੇ ਦੀਆਂ ਯੋਜਨਾਵਾਂ ਦਾ ਵਿਰੋਧ ਕਰ ਰਹੇ ਸਨ। ਸਰਕਾਰੀਆ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਦਾ ਉਸ ਕਾਨੂੰਨ ਨੂੰ ਰੱਦ ਕਰਨ ਦਾ ਕੋਈ ਇਰਾਦਾ ਨਹੀਂ ਹੈ ਜਿਸ ਨੇ ਸੂਬੇ ਨੂੰ ਟੋਰਾਂਟੋ ਤੋਂ ਜ਼ਮੀਨਾਂ ਐਕਵਾਇਰ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਏਅਰਪੋਰਟ ਦੇ ਸੰਚਾਲਨ ਦੀ ਨਿਗਰਾਨੀ ਕਰਨ ਵਾਲੇ ਸਮਝੌਤੇ ਵਿੱਚ ਸ਼ਹਿਰ ਦੀ ਥਾਂ ਲਈ ਸੀ। ਸ਼ੁੱਕਰਵਾਰ ਨੂੰ ਫੈਡਰਲ ਸਰਕਾਰ ਨੇ ਜੈੱਟ ਜਹਾਜ਼ਾਂ ਦੀ ਆਵਾਜਾਈ ਲਈ ਰਨਵੇਅ ਦਾ ਵਿਸਥਾਰ ਕਰਨ ਦੀਆਂ ਯੋਜਨਾਵਾਂ ਨੂੰ ਰੋਕ ਦਿੱਤਾ ਸੀ। ਇਸ ਫੈਸਲੇ ਪਿੱਛੇ ਜਨਤਕ ਸਲਾਹ ਮਸ਼ਵਰੇ ਦੌਰਾਨ ਮਿਲੇ ਭਾਰੀ ਨਕਾਰਾਤਮਕ ਫੀਡਬੈਕ ਦਾ ਹਵਾਲਾ ਦਿੱਤਾ ਗਿਆ। ਫੈਡਰਲ ਟਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਸਿਰਫ ਸੁਰੱਖਿਆ ਸੁਧਾਰਾਂ ‘ਤੇ ਕੇਂਦਰਿਤ ਹੈ ਅਤੇ ਫੈਡਰਲ ਸਰਕਾਰ ਅਜਿਹੀ ਕੋਈ ਯੋਜਨਾ ਲਾਗੂ ਨਹੀਂ ਕਰੇਗੀ ਜੋ ਜਨਤਕ ਥਾਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ। ਇਸ ਬਿਆਨ ਨੂੰ ਵਿਰੋਧੀਆਂ ਵੱਲੋਂ ਇੱਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਮੇਅਰ ਓਲੀਵੀਆ ਚਾਓ ਦੀ ਅਗਵਾਈ ਵਿੱਚ ਸਿਟੀ ਕੌਂਸਲ ਨੇ ਇੱਕ ਮਤਾ ਪਾਸ ਕਰਕੇ ਫੋਰਡ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਸੰਤ ਰੁੱਤ ਵਿੱਚ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਵਾਪਸ ਕੀਤੀਆਂ ਜਾਣ।
ਹਾਲਾਂਕਿ ਫੋਰਡ ਸਰਕਾਰ ਫੈਡਰਲ ਸਰਕਾਰ ਦੇ ਫੈਸਲੇ ਤੋਂ ਹੈਰਾਨ ਨਜ਼ਰ ਆ ਰਹੀ ਹੈ, ਪਰ ਸਰਕਾਰੀਆ ਨੇ ਕਿਹਾ ਕਿ ਸੂਬਾ ਸਰਕਾਰ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਸਰਕਾਰੀਆ ਨੇ ਫੈਡਰਲ ਸਰਕਾਰ ਦੇ ਬਿਆਨ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਕਾਰਨੀ ਦੀ ਟੀਮ ਪ੍ਰੋਜੈਕਟਾਂ ਨਾਲ ਅਜਿਹਾ ਵਿਵਹਾਰ ਕਰੇਗੀ, ਤਾਂ ਵਿਕਾਸ ਦੇ ਕੰਮ ਕਿਵੇਂ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਆਵਾਜਾਈ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਦੂਜੇ ਪਾਸੇ ਮੇਅਰ ਚਾਓ ਨੇ ਸੂਬਾ ਸਰਕਾਰ ਦੀ ਪਹੁੰਚ ਨੂੰ ਚਿੰਤਾਜਨਕ ਦੱਸਿਆ ਹੈ ਅਤੇ ਉਮੀਦ ਪ੍ਰਗਟਾਈ ਹੈ ਕਿ ਇਹ ਪ੍ਰੋਜੈਕਟ ਹੁਣ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।

ਰੁਝਾਨ ਖਬਰਾਂ