22.2 C
Vancouver
Thursday, August 13, 2026

ਅਮਰੀਕਾ ਵਿੱਚ ਬਜ਼ੁਰਗਾਂ ਨਾਲ ਠੱਗੀ ਮਾਰਨ ਵਾਲੇ ਭਾਰਤੀ ਵਿਦਿਆਰਥੀ ਨੂੰ 4 ਸਾਲ ਦੀ ਕੈਦ

ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ‘ਤੇ ਰਹਿ ਰਹੇ 22 ਸਾਲਾ ਭਾਰਤੀ ਨੌਜਵਾਨ ਰੌਸ਼ਨ ਸ਼ਾਹ ਨੂੰ ਅਮਰੀਕੀ ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਸ ‘ਤੇ ਦੋਸ਼ ਸਨ ਕਿ ਉਸਨੇ ਅਮਰੀਕਾ ਵਿੱਚ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ 15 ਪੀੜਤਾਂ ਤੋਂ 37 ਲੱਖ ਅਮਰੀਕਨ ਡਾਲਰ ਤੋਂ ਜ਼ਿਆਦਾ ਦੀ ਰਕਮ ਠੱਗ ਲਈ। ਅਦਾਲਤੀ ਰਿਕਾਰਡਾਂ ਅਨੁਸਾਰ ਰੌਸ਼ਨ ਸ਼ਾਹ ਭਾਰਤ ਦਾ ਨਾਗਰਿਕ ਹੈ ਅਤੇ ਕੈਨੇਡਾ ਦੇ ਇੱਕ ਕਾਲਜ ਵਿੱਚ ਪੜ੍ਹ ਰਿਹਾ ਸੀ। ਉਹ ਇਸ ਧੋਖਾਧੜੀ ਰਾਹੀਂ ਇਕੱਠੀ ਕੀਤੀ ਗਈ ਰਕਮ ਹਾਸਲ ਕਰਨ ਲਈ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਤੋਂ ਅਮਰੀਕਾ ਪਹੁੰਚਦਾ ਸੀ।
ਜਾਂਚ ਮੁਤਾਬਕ ਭਾਰਤ ਵਿੱਚ ਬੈਠੇ ਉਸਦੇ ਸਾਥੀ ਫ਼ੋਨ ਰਾਹੀਂ ਪੀੜਤਾਂ ਨਾਲ ਸੰਪਰਕ ਕਰਦੇ ਸਨ। ਉਹ ਬਜ਼ੁਰਗਾਂ ਨੂੰ ਇਹ ਕਹਿ ਕੇ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਦੀ ਵਰਤੋਂ ਅਪਰਾਧ ਕਰਨ ਲਈ ਕੀਤੀ ਗਈ ਹੈ। ਇਸ ਤੋਂ ਬਾਅਦ ਪੀੜਤਾਂ ਨੂੰ ਯਕੀਨ ਦਿਵਾਇਆ ਜਾਂਦਾ ਸੀ ਕਿ ਉਨ੍ਹਾਂ ਨੂੰ ਆਪਣੀ ਨਕਦੀ ਜਾਂ ਸੋਨਾ ਇੱਕ ਫੈਡਰਲ ਏਜੰਟ ਦੇ ਹਵਾਲੇ ਕਰਨਾ ਪਵੇਗਾ। ਉਸ ਕਥਿਤ ਫੈਡਰਲ ਏਜੰਟ ਦੀ ਭੂਮਿਕਾ ਰੌਸ਼ਨ ਸ਼ਾਹ ਨਿਭਾਉਂਦਾ ਸੀ ਅਤੇ ਉਹ ਖੁਦ ਜਾ ਕੇ ਪੀੜਤਾਂ ਤੋਂ ਨਕਦੀ ਅਤੇ ਸੋਨਾ ਇਕੱਠਾ ਕਰਦਾ ਸੀ। ਹਾਲਾਂਕਿ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਰੌਸ਼ਨ ਸ਼ਾਹ ਕੈਨੇਡਾ ਦੇ ਕਿਸ ਸੂਬੇ ਜਾਂ ਕਾਲਜ ਨਾਲ ਸਬੰਧਤ ਸੀ।
ਸਾਲ 2025 ਦੀਆਂ ਗਰਮੀਆਂ ਦੌਰਾਨ ਉਸ ਨੂੰ ਵਿਸਕੌਨਸਿਨ ਦੇ ਨਿਊ ਬਰਲਿਨ ਸ਼ਹਿਰ ਵਿੱਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਧੋਖਾਧੜੀ ਦੀ ਹੋਰ ਰਕਮ ਲੈਣ ਪਹੁੰਚਿਆ ਸੀ। ਅਮਰੀਕਾ ਦੇ ਫ਼ਸਟ ਅਸਿਸਟੈਂਟ ਅਟਾਰਨੀ ਬ੍ਰੈਡ ਸ਼ਿਮਲ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਤੋਂ ਸਰਗਰਮ ਧੋਖੇਬਾਜ਼ਾਂ ਵੱਲੋਂ ਕਿੰਨਾ ਗੰਭੀਰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਹ ਸਜ਼ਾ ਫੈਡਰਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਅਮਰੀਕੀ ਅਟਾਰਨੀ ਦਫ਼ਤਰ ਦੀ ਸਾਂਝੀ ਅਤੇ ਲਗਾਤਾਰ ਜਾਂਚ ਦਾ ਨਤੀਜਾ ਹੈ। ਇਸ ਜਾਂਚ ਦਾ ਮਕਸਦ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਧੋਖਾਧੜੀ ਨੂੰ ਰੋਕਣਾ ਹੈ। ਇਸ ਮਾਮਲੇ ਦੀ ਪੜਤਾਲ ਅਮਰੀਕੀ ਹੋਮਲੈਂਡ ਸਿਕਿਉਰਿਟੀ, ਹੋਮਲੈਂਡ ਸਿਕਿਉਰਿਟੀ ਇਨਵੈਸਟਿਗੇਸ਼ਨਜ਼ ਅਤੇ ਨਿਊ ਬਰਲਿਨ ਪੁਲਿਸ ਵਿਭਾਗ ਨੇ ਸਾਂਝੇ ਤੌਰ ‘ਤੇ ਕੀਤੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ