18.2 C
Vancouver
Thursday, August 13, 2026

ਅਮਰੀਕਾ ਦੇ ਸ਼ਹਿਰ ਸੀਲੀ ਤੋਂ 3 ਲੱਖ ਡਾਲਰ ਦਾ ਸਮਾਨ ਚੋਰੀ ਕਰਨ ਵਾਲੇ ਰਾਹੁਲ ਅਤੇ ਵਰਿੰਦਰ ਕਾਬੂ

ਵੈਨਕੂਵਰ (ਏਕਜੋਤ ਸਿੰਘ): ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਸੀਲੀ ਵਿੱਚ ਪੁਲਿਸ ਨੇ 32,000 ਪੌਂਡ ਕੀਮਤੀ ਸਮਾਨ ਚੋਰੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ 25 ਸਾਲਾ ਰਾਹੁਲ ਫੋਰ ਅਤੇ 36 ਸਾਲਾ ਵਰਿੰਦਰ ਫੋਰ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਜਦੋਂ ਇੱਕ ਵੇਅਰਹਾਊਸ ਤੋਂ 18 ਪਹੀਆ ਟਰੱਕ ਵਿੱਚ ਇਹ ਮਾਲ ਲੈ ਕੇ ਨਿਕਲ ਰਹੇ ਸਨ ਤਾਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਇਹ ਵੇਅਰਹਾਊਸ ਪਹਿਲਾਂ ਹੀ ਬਦਨਾਮ ਸੀ ਅਤੇ ਚੋਰੀ ਦਾ ਸਾਮਾਨ ਰੱਖਣ ਦੇ ਮਾਮਲੇ ਵਿੱਚ ਰਿਕਾਰਡ ਵਿੱਚ ਦਰਜ ਸੀ। ਸੀਲੀ ਸ਼ਹਿਰ ਹਿਊਸਟਨ ਤੋਂ ਕਰੀਬ 50 ਮੀਲ ਦੂਰ ਇੰਟਰਸਟੇਟ 10 ਅਤੇ ਸਟੇਟ ਹਾਈਵੇ 36 ਦੇ ਚੌਰਾਹੇ ਉੱਤੇ ਸਥਿਤ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਧਾਤੂ ਨੂੰ ਸਬੂਤ ਵਜੋਂ ਜ਼ਬਤ ਕਰਕੇ ਅਸਲ ਮਾਲਕ ਨੂੰ ਵਾਪਸ ਕਰ ਦਿੱਤਾ ਹੈ। ਬਰਾਮਦ ਕੀਤੇ ਗਏ ਇਸ ਮਾਲ ਦੀ ਕੀਮਤ ਲਗਭਗ 272,000 ਤੋਂ ਲੈ ਕੇ 300,000 ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੇ ਟਰੱਕ ਅਤੇ ਟਰੇਲਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਲਾਇਸੈਂਸ ਪਲੇਟ ਰੀਡਰ ਤਕਨੀਕ ਨੇ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਭੂਮਿਕਾ ਨਿਭਾਈ ਹੈ। ਦੋਵਾਂ ਮੁਲਜ਼ਮਾਂ ਉੱਤੇ ਫਰਸਟ ਡਿਗਰੀ ਫੈਲਨੀ ਕਾਰਗੋ ਚੋਰੀ ਦੇ ਚਾਰਜ ਲਗਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੜਤਾਲ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਚਾਰਜ ਵੀ ਲੱਗ ਸਕਦੇ ਹਨ। ਟੈਕਸਸ ਦੇ ਕਾਨੂੰਨ ਅਨੁਸਾਰ 200,000 ਡਾਲਰ ਤੋਂ ਜ਼ਿਆਦਾ ਦੀ ਚੋਰੀ ਫਰਸਟ ਡਿਗਰੀ ਫੈਲਨੀ ਮੰਨੀ ਜਾਂਦੀ ਹੈ। ਪੁਲਿਸ ਮੁਤਾਬਿਕ ਜੇਕਰ ਅਦਾਲਤ ਵਿੱਚ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਇਹਨਾਂ ਨੂੰ 5 ਤੋਂ 99 ਸਾਲ ਜਾਂ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ 10,000 ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਰੁਝਾਨ ਖਬਰਾਂ