ਵੈਨਕੂਵਰ (ਏਕਜੋਤ ਸਿੰਘ): ਸਰੀ, ਬ੍ਰਿਟਿਸ਼ ਕੋਲੰਬੀਆ 22 ਜੁਲਾਈ 2026 ਨੂੰ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਸਥਾਨਕ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇੱਕ ਅਹਿਮ ਐਲਾਨ ਕੀਤਾ ਗਿਆ ਹੈ। ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਫੈਡਰਲ ਸਰਕਾਰ ਵੱਲੋਂ ਨਿਊਟਨ ਐਥਲੈਟਿਕ ਪਾਰਕ ਅਤੇ ਅਨਵਿਨ ਪਾਰਕ ਦੇ ਵਿਕਾਸ ਲਈ 11 ਮਿਲੀਅਨ ਡਾਲਰ ਤੱਕ ਦਾ ਨਿਵੇਸ਼ ਕੀਤਾ ਜਾਵੇਗਾ। ਇਹ ਨਿਵੇਸ਼ ਬਿਲਡ ਕਮਿਊਨਿਟੀਜ਼ ਸਟਰੌਂਗ ਫੰਡ ਦੀ ਡਾਇਰੈਕਟ ਡਿਲੀਵਰੀ ਸਟ੍ਰੀਮ ਤਹਿਤ ਕੀਤਾ ਜਾ ਰਿਹਾ ਹੈ। ਇਸ ਫੰਡ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਆਰਥਿਕ ਖੁਸ਼ਹਾਲੀ, ਰਿਹਾਇਸ਼, ਖੇਡਾਂ, ਸਿੱਖਿਆ ਅਤੇ ਸਿਹਤ ਵਰਗੇ ਖੇਤਰਾਂ ਵਿੱਚ ਸੁਧਾਰ ਕਰਨਾ ਹੈ ਜਿਸ ਲਈ ਦੇਸ਼ ਵਿੱਚ 51 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਇਸ ਨਿਵੇਸ਼ ਨਾਲ ਨਿਊਟਨ ਐਥਲੈਟਿਕ ਪਾਰਕ ਵਿੱਚ ਕਈ ਨਵੀਆਂ ਸਹੂਲਤਾਂ ਸ਼ਾਮਲ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸਾਰਾ ਸਾਲ ਖੇਡਣ ਲਈ ਇੱਕ ਸੁਰੱਖਿਅਤ ਜਗ੍ਹਾ ਮਿਲ ਸਕੇ। ਇਸ ਪਾਰਕ ਵਿੱਚ ਇੱਕ ਨਵਾਂ ਆਰਟੀਫੀਸ਼ੀਅਲ ਟਰਫ ਸਪੋਰਟਸ ਫੀਲਡ ਬਣਾਇਆ ਜਾਵੇਗਾ। ਇਸਦੇ ਨਾਲ ਹੀ ਸੈਰ ਕਰਨ ਵਾਲੇ ਟਰੈਕ ਦੇ ਨਾਲ ਊਰਜਾ ਬਚਾਉਣ ਵਾਲੀਆਂ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਨਵੇਂ ਟੈਨਿਸ ਕੋਰਟ ਵੀ ਤਿਆਰ ਕੀਤੇ ਜਾਣਗੇ ਜਿਨ੍ਹਾਂ ਵਿੱਚ ਲਾਈਟਾਂ ਦਾ ਉਚਿਤ ਪ੍ਰਬੰਧ ਹੋਵੇਗਾ। ਇਹਨਾਂ ਸਹੂਲਤਾਂ ਨਾਲ ਸਥਾਨਕ ਲੋਕਾਂ ਨੂੰ ਸਰਗਰਮ ਜੀਵਨ ਸ਼ੈਲੀ ਅਪਣਾਉਣ ਅਤੇ ਖੇਡਾਂ ਨਾਲ ਜੁੜਨ ਦੇ ਹੋਰ ਮੌਕੇ ਮਿਲਣਗੇ। This report was written by Ekjot Singh as part of the Local Journalism Initiative.
ਸਰੀ ਦੇ ਨਿਊਟਨ ਪਾਰਕਾਂ ਦੇ ਵਿਕਾਸ ਲਈ ਫੈਡਰਲ ਸਰਕਾਰ ਵੱਲੋਂ 11 ਮਿਲੀਅਨ ਡਾਲਰ ਦਾ ਐਲਾਨ

