ਸਰੀ : ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਐਤਵਾਰ, 19 ਜੁਲਾਈ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਮੁਜ਼ਾਹਰੇ ਸਬੰਧੀ ਮੀਡੀਆ ਅਤੇ ਸੰਗਤਾਂ ਲਈ ਇੱਕ ਵਿਸ਼ੇਸ਼ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਜੁਲਾਈ 2026 ਨੂੰ ਆਏ ਆਦੇਸ਼ਾਂ ਨੂੰ ਪੂਰਨ ਤੌਰ ‘ਤੇ ਮੰਨਦਿਆਂ ਕਿਸੇ ਵੀ ਵਾਦ-ਵਿਵਾਦ ਵਿੱਚ ਪੈ ਕੇ ਦੁਬਿਧਾ ਦੀ ਸਥਿਤੀ ਪੈਦਾ ਨਹੀਂ ਕਰਨਾ ਚਾਹੁੰਦੇ, ਪਰ ਸੰਗਤਾਂ ਦੀ ਜਾਣਕਾਰੀ ਲਈ ਪੂਰੀ ਸੱਚਾਈ ਤੋਂ ਜਾਣੂ ਕਰਵਾਉਣਾ ਅਤਿ ਜ਼ਰੂਰੀ ਹੈ।
ਜਾਰੀ ਬਿਆਨ ਅਨੁਸਾਰ, ਬੀ.ਸੀ. ਗੁਰਦੁਆਰਾ ਕੌਂਸਲ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਗਿਆ ਸੀ ਤਾਂ ਜੋ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਸੰਭਾਵਿਤ ਮੁਜ਼ਾਹਰੇ ਨੂੰ ਟਾਲਿਆ ਜਾ ਸਕੇ। ਇਸ ਸਬੰਧੀ 19 ਜੁਲਾਈ, ਐਤਵਾਰ ਦੀ ਸਵੇਰ 9:30 ਵਜੇ ਗੁਰਦੁਆਰਾ ਸਾਹਿਬ ਵਿਖੇ ਬੀ.ਸੀ. ਕੌਂਸਲ ਦੇ ਤਿੰਨ ਨੁਮਾਇੰਦਿਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਮੈਂਬਰਾਂ ਵਿਚਕਾਰ ਇੱਕ ਅਹਿਮ ਬੈਠਕ ਹੋਈ। ਇਸ ਮੀਟਿੰਗ ਦੌਰਾਨ ਕੌਂਸਲ ਦੇ ਨੁਮਾਇੰਦਿਆਂ ਦੀ ਮੰਗ ਸੀ ਕਿ ਕੁਝ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੰਗ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਐਤਵਾਰ ਦਾ ਦਿਨ ਹੋਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਰੁਝੇਵਾਂ ਹੁੰਦਾ ਹੈ। ਇਸ ਲਈ ਦੁਪਹਿਰ 3:00 ਵਜੇ ਬੀ.ਸੀ. ਕੌਂਸਲ ਦੇ ਪੰਜ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਭੇਜੇ ਗਏ ਪੰਜ ਗ੍ਰੰਥੀ ਸਿੰਘਾਂ ਨੂੰ 5 ਤੋਂ 7 ਪਾਵਨ ਬੀੜਾਂ ਦੇ ਦਰਸ਼ਨ ਕਰਵਾ ਦਿੱਤੇ ਜਾਣਗੇ, ਅਤੇ ਬਾਕੀ ਸਾਰੀਆਂ ਪਾਵਨ ਬੀੜਾਂ ਦੇ ਦਰਸ਼ਨ ਚੱਲਦੇ ਹਫ਼ਤੇ ਦੌਰਾਨ ਕਰਵਾਏ ਜਾਣ ਦਾ ਵਿਸ਼ਵਾਸ ਦਿਵਾਇਆ ਗਿਆ ਸੀ।
ਪ੍ਰਬੰਧਕਾਂ ਨੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਇਸ ਸੁਚੱਜੇ ਫੈਸਲੇ ਅਤੇ ਬਣਾਏ ਗਏ ਸਮਝੌਤੇ ਨੂੰ ਨਾ ਮੰਨਦੇ ਹੋਏ ਕੁਝ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਪ੍ਰਬੰਧਕ ਕਮੇਟੀ ਨੇ ਦੋਹਰਾਇਆ ਕਿ ਉਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਲਈ ਪੂਰੀ ਤਰ੍ਹਾਂ ਵਚਨਬੱਧ ਹਨ।
ਸਰੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਹਰ ਹੋਏ ਮੁਜ਼ਾਹਰੇ ‘ਤੇ ਪ੍ਰਬੰਧਕ ਕਮੇਟੀ ਦਾ ਸਪੱਸ਼ਟੀਕਰਨ

