18.2 C
Vancouver
Thursday, August 13, 2026

ਵੈਨਕੂਵਰ ਪੁਲਿਸ ਵੱਲੋਂ 86,000 ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ, 3 ਵਿਅਕਤੀ ਗ੍ਰਿਫ਼ਤਾਰ

ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਪੁਲਿਸ ਨੇ ਡਾਊਨਟਾਊਨ ਖੇਤਰ ਵਿੱਚ ਇੱਕ ਅਹਿਮ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਕੋਲੋਂ 86,000 ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ ਅਤੇ 1,300 ਡਾਲਰ ਦੀ ਨਕਦੀ ਬਰਾਮਦ ਕੀਤੀ ਗਈ ਹੈ। ਵੈਨਕੂਵਰ ਪੁਲਿਸ ਵਿਭਾਗ ਦੇ ਗਸ਼ਤੀ ਅਧਿਕਾਰੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ 1117 ਹੌਰਨਬੀ ਸਟ੍ਰੀਟ ਵਿਖੇ ਸਥਿਤ ਮਰੇ ਹੋਟਲ ਵਿੱਚ ਸ਼ੱਕੀ ਗਤੀਵਿਧੀਆਂ ਦੇਖਣ ਤੋਂ ਬਾਅਦ ‘ਪ੍ਰੋਜੈਕਟ ਐਟਲਸ’ ਨਾਮ ਦੀ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਸੀ। ਪੁਲਿਸ ਟੀਮਾਂ ਵੱਲੋਂ ਸਰਚ ਵਾਰੰਟ ਦੇ ਆਧਾਰ ਉੱਤੇ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਗੈਰ-ਕਾਨੂੰਨੀ ਚੀਜ਼ਾਂ ਜ਼ਬਤ ਕੀਤੀਆਂ ਗਈਆਂ। ਬਰਾਮਦ ਕੀਤੇ ਗਏ ਸਾਮਾਨ ਵਿੱਚ 344 ਗ੍ਰਾਮ ਫੈਂਟਾਨਾਇਲ, 336 ਗ੍ਰਾਮ ਕੋਕੀਨ ਅਤੇ 75 ਗ੍ਰਾਮ ਮੈਥਾਮਫੇਟਾਮਾਈਨ ਸ਼ਾਮਲ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਨਕਲੀ ਹਥਿਆਰ ਅਤੇ ਕਈ ਤੇਜ਼ਧਾਰ ਹਥਿਆਰ ਵੀ ਆਪਣੇ ਕਬਜ਼ੇ ਵਿੱਚ ਲਏ ਹਨ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੀ ਸ਼ਰਤ ਉੱਤੇ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਸਰੀ ਦਾ ਰਹਿਣ ਵਾਲਾ 37 ਸਾਲਾ ਵਿਅਕਤੀ ਸ਼ਾਮਲ ਹੈ ਜਿਸ ਉੱਤੇ ਨਸ਼ਾ ਤਸਕਰੀ ਦਾ ਦੋਸ਼ ਹੈ। ਇਸੇ ਤਰ੍ਹਾਂ ਓਨਟਾਰੀਓ ਦੇ ਇੱਕ 42 ਸਾਲਾ ਵਿਅਕਤੀ ਉੱਤੇ ਨਸ਼ਾ ਤਸਕਰੀ ਅਤੇ ਪੁਲਿਸ ਅਧਿਕਾਰੀ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਲਗਾਏ ਗਏ ਹਨ, ਜਦਕਿ ਵੈਨਕੂਵਰ ਦੇ ਰਹਿਣ ਵਾਲੇ ਇੱਕ 46 ਸਾਲਾ ਵਿਅਕਤੀ ਉੱਤੇ ਵੀ ਤਸਕਰੀ ਦੇ ਮਕਸਦ ਨਾਲ ਨਸ਼ਾ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇੰਸਪੈਕਟਰ ਐਰਿਨ ਰਾਊਲਸਟਨ ਨੇ ਕਿਹਾ ਕਿ ਪ੍ਰੋਜੈਕਟ ਐਟਲਸ ਪੁਲਿਸ ਅਧਿਕਾਰੀਆਂ ਦੀ ਚੌਕਸੀ ਦਾ ਨਤੀਜਾ ਹੈ, ਜਿਸ ਨਾਲ ਭਾਈਚਾਰੇ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਕਾਫੀ ਮਦਦ ਮਿਲੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ