18.2 C
Vancouver
Thursday, August 13, 2026

ਮੈਪਲ ਰਿਜ ਦੀਆਂ ਦੋ ਵੱਖ-ਵੱਖ ਥਾਵਾਂ ਉੱਤੇ ਪੁਲਿਸ ਦੀ ਕਾਰਵਾਈ, ਗੋਲੀਬਾਰੀ ਅਤੇ ਹਮਲੇ ਦੀਆਂ ਘਟਨਾਵਾਂ ਨਾਲ ਲੋਕਾਂ ‘ਚ ਸਹਿਮ

ਵੈਨਕੂਵਰ (ਏਕਜੋਤ ਸਿੰਘ): ਮੈਪਲ ਰਿਜ ਸ਼ਹਿਰ ਦੇ ਦੋ ਵੱਖ-ਵੱਖ ਹਿੱਸਿਆਂ ਵਿੱਚ ਮੰਗਲਵਾਰ ਸ਼ਾਮ ਨੂੰ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਦੇਖਣ ਨੂੰ ਮਿਲੀ। ਲੌਗਹੀਡ ਹਾਈਵੇਅ ਦੇ ਦੱਖਣ ਵਾਲੇ ਪਾਸੇ, 21600-ਬਲਾਕ ਵਿੱਚ ਸਥਿਤ ਸੈਂਟੇਨਿਅਲ ਮੋਟਲ ਅਤੇ ਮੋਬਾਈਲ ਹੋਮ ਪਾਰਕ ਵਿਖੇ ਆਰਸੀਐਮਪੀ ਦੀਆਂ ਕਈ ਗੱਡੀਆਂ, ਵਰਦੀਧਾਰੀ ਅਤੇ ਸਾਦੇ ਕੱਪੜਿਆਂ ਵਾਲੇ ਅਧਿਕਾਰੀ, ਪੁਲਿਸ ਹੈਲੀਕਾਪਟਰ, ਡਰੋਨ ਅਤੇ ਪੁਲਿਸ ਕੁੱਤੇ ਪਹੁੰਚੇ। ਚਸ਼ਮਦੀਦਾਂ ਅਨੁਸਾਰ ਇਹ ਸਾਰੀ ਕਾਰਵਾਈ ਗੋਲੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਸ਼ੁਰੂ ਹੋਈ, ਜਿਸ ਨੇ ਬਾਅਦ ਵਿੱਚ ਦੋ ਘੰਟੇ ਦੇ ਸਟੈਂਡਆਫ ਦਾ ਰੂਪ ਲੈ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਲਗਭਗ 7 ਵਜੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਜਦੋਂ ਉਹ ਮੌਕੇ ਉੱਤੇ ਪਹੁੰਚੇ, ਤਾਂ ਉਨ੍ਹਾਂ ਨੇ ਇੱਕ 32 ਸਾਲਾ ਨੌਜਵਾਨ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਪਾਇਆ। ਪੀੜਤ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਅਤੇ ਡਾਕਟਰਾਂ ਮੁਤਾਬਕ ਉਸ ਦੇ ਬਚਣ ਦੀ ਪੂਰੀ ਉਮੀਦ ਹੈ। ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ। ਮੈਪਲ ਰਿਜ ਆਰਸੀਐਮਪੀ ਦਾ ਮੰਨਣਾ ਹੈ ਕਿ ਇਹ ਇੱਕ ਅਲੱਗ ਘਟਨਾ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਨੇੜਲੇ ਮੋਬਾਈਲ ਹੋਮ ਵਿੱਚ ਬੰਦ ਕਰ ਲਿਆ ਸੀ। ਰਾਤ ਲਗਭਗ 10 ਵਜੇ ਇਹ ਸਟੈਂਡਆਫ ਸ਼ਾਂਤੀਪੂਰਵਕ ਖਤਮ ਹੋ ਗਿਆ। ਪੁਲਿਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ ਅਤੇ ਜਾਂਚ ਜਾਰੀ ਹੈ। ਇਸ ਘਟਨਾ ਦਾ ਕਿਸੇ ਗੈਂਗ ਜਾਂ ਜਬਰਨ ਵਸੂਲੀ ਨਾਲ ਕੋਈ ਸਬੰਧ ਨਹੀਂ ਮੰਨਿਆ ਜਾ ਰਿਹਾ। ਇਸ ਘਟਨਾ ਨੂੰ ਸੁਲਝਾਉਣ ਲਈ ਕੋਕੁਇਟਲਮ, ਲੈਂਗਲੀ, ਸਰੀ ਅਤੇ ਟਰਾਂਜ਼ਿਟ ਪੁਲਿਸ ਸਮੇਤ ਕਈ ਹੋਰ ਏਜੰਸੀਆਂ ਨੇ ਮਦਦ ਕੀਤੀ। ਇਸ ਤੋਂ ਪਹਿਲਾਂ ਸ਼ਾਮ 6 ਵਜੇ, ਮੈਪਲ ਰਿਜ ਆਰਸੀਐਮਪੀ ਨੂੰ 287 ਸਟ੍ਰੀਟ ਦੇ 12100-ਬਲਾਕ ਵਿੱਚ ਹਮਲੇ ਦੀ ਸੂਚਨਾ ਮਿਲੀ ਸੀ। ਆਇਰਨ ਮਾਊਂਟੇਨ ਇਲਾਕੇ ਵਿੱਚ ਐਮਰਜੈਂਸੀ ਰਿਸਪਾਂਸ ਟੀਮ ਅਤੇ ਡੌਗ ਸਰਵਿਸਿਜ਼ ਸਮੇਤ ਕਈ ਯੂਨਿਟਾਂ ਨੇ ਜਵਾਬ ਦਿੱਤਾ। ਆਰਸੀਐਮਪੀ ਨੇ ਦੱਸਿਆ ਕਿ ਇਹ ਇੱਕ ਚੱਲ ਰਹੀ ਜਾਂਚ ਦਾ ਹਿੱਸਾ ਹੈ ਜਿਸ ਦੀ ਅਗਵਾਈ ਰਿਚਮੰਡ ਆਰਸੀਐਮਪੀ ਕਰ ਰਹੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ