18.2 C
Vancouver
Thursday, August 13, 2026

ਬ੍ਰਿਟਿਸ਼ ਕੋਲੰਬੀਆ ਦਾ ਪਹਿਲਾ ਗ੍ਰਿਡ-ਸਕੇਲ ਬੈਟਰੀ ਸਟੋਰੇਜ ਸਿਸਟਮ 2030 ਤੱਕ ਹੋਵੇਗਾ ਤਿਆਰ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸੂਬਾ ਸਰਕਾਰ ਅਤੇ ਬੀਸੀ ਹਾਈਡ੍ਰੋ ਵੱਲੋਂ ਸੋਮਵਾਰ, 20 ਜੁਲਾਈ ਨੂੰ ਨੌਰਥ ਕਾਓਵਿਚਨ ਵਿਖੇ 100 ਮੈਗਾਵਾਟ ਦੇ ਬੈਟਰੀ ਸਟੋਰੇਜ ਪ੍ਰੋਜੈਕਟ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਸੂਬੇ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ ਹੋਵੇਗਾ। ਇਸ ਯੂਟਿਲਿਟੀ-ਸਕੇਲ ਬੈਟਰੀ ਐਨਰਜੀ ਸਟੋਰੇਜ ਦਾ ਮੁੱਖ ਉਦੇਸ਼ ਖੇਤਰ ਵਿੱਚ ਵੱਧ ਰਹੀ ਆਬਾਦੀ, ਰਿਹਾਇਸ਼ੀ ਵਿਕਾਸ ਅਤੇ ਆਰਥਿਕ ਨਿਵੇਸ਼ ਕਾਰਨ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਅਤੇ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕਰਨਾ ਹੈ। ਇਹ ਐਲਾਨ ਡੰਕਨ ਦੇ ਬਾਹਰਵਾਰ 7056 ਬੈੱਲ ਮੈਕਕਿਨਨ ਰੋਡ ਸਥਿਤ ਬੀਸੀ ਹਾਈਡ੍ਰੋ ਦੀ ਸੁਵਿਧਾ ਵਿਖੇ ਕੀਤਾ ਗਿਆ, ਜਿੱਥੇ ਮੌਜੂਦਾ ਸਬ-ਸਟੇਸ਼ਨ ਦੇ ਨਾਲ ਹੀ ਇਹ ਬੈਟਰੀ ਸਟੋਰੇਜ ਸੁਵਿਧਾ ਤਿਆਰ ਕੀਤੀ ਜਾਵੇਗੀ। ਬੀਸੀ ਹਾਈਡ੍ਰੋ ਦੀ ਪ੍ਰਧਾਨ ਅਤੇ ਸੀਈਓ ਚਾਰਲੋਟ ਮਿਥਾ ਨੇ ਕਿਹਾ ਕਿ ਇਹ ਨਵੀਂ ਤਕਨਾਲੋਜੀ ਵਾਧੂ ਬਿਜਲੀ ਨੂੰ ਸਟੋਰ ਕਰਨ ਅਤੇ ਮੰਗ ਵਧਣ ‘ਤੇ ਗ੍ਰਿਡ ਨੂੰ ਵਾਪਸ ਸਪਲਾਈ ਕਰਨ ਵਿੱਚ ਮਦਦ ਕਰੇਗੀ, ਜੋ ਭਵਿੱਖ ਦੀਆਂ ਲੋੜਾਂ ਲਈ ਇੱਕ ਮਹੱਤਵਪੂਰਨ ਕਦਮ ਹੈ।
ਊਰਜਾ ਅਤੇ ਜਲਵਾਯੂ ਹੱਲ ਮੰਤਰੀ ਅਡਰੀਅਨ ਡਿਕਸ ਨੇ ਕਿਹਾ ਕਿ ਬਿਜਲੀ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਸਾਫ਼ ਅਤੇ ਭਰੋਸੇਯੋਗ ਊਰਜਾ ਲਈ ਇਹ ਰਣਨੀਤਕ ਨਿਵੇਸ਼ ਕੀਤਾ ਜਾ ਰਿਹਾ ਹੈ। ਕਾਓਵਿਚਨ ਵੈਲੀ ਦੇ ਐਮਐਲਏ ਡੇਬਰਾ ਟੋਪੋਰੋਵਸਕੀ ਨੇ ਇਸ ਚੋਣ ‘ਤੇ ਖੁਸ਼ੀ ਪ੍ਰਗਟਾਈ। ਕਲੀਨ ਐਨਰਜੀ ਬੀਸੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਸਟੀਫਨ ਰੇਨਰ ਨੇ ਕਿਹਾ ਕਿ ਸੂਬੇ ਭਰ ਵਿੱਚ 500 ਮੈਗਾਵਾਟ ਤੱਕ ਦੀ ਸੰਭਾਵਿਤ ਬੈਟਰੀ ਸਟੋਰੇਜ ਸਥਾਨਕ ਵਪਾਰਾਂ ਅਤੇ ਫਰਸਟ ਨੇਸ਼ਨਜ਼ ਭਾਈਵਾਲਾਂ ਲਈ ਵੱਡੇ ਆਰਥਿਕ ਮੌਕੇ ਪੈਦਾ ਕਰੇਗੀ। ਬੀਸੀ ਹਾਈਡ੍ਰੋ 30 ਜੁਲਾਈ ਨੂੰ ਮਾਹਰ ਕੰਪਨੀਆਂ ਲਈ ਯੋਗਤਾ ਬੇਨਤੀ ਪੱਤਰ ਜਾਰੀ ਕਰੇਗਾ। ਇਸ ਤੋਂ ਬਾਅਦ ਪ੍ਰਸਤਾਵਾਂ ਦੀ ਬੇਨਤੀ ਕੀਤੀ ਜਾਵੇਗੀ। ਇਹ ਨਵੀਂ ਸੁਵਿਧਾ 2030 ਤੱਕ ਚਾਲੂ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜੋ ਮੌਜੂਦਾ ਬਿਜਲੀ ਪ੍ਰਣਾਲੀ ਨਾਲ ਆਸਾਨੀ ਨਾਲ ਜੁੜ ਜਾਵੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ