ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ ਸਰਕਾਰ ਅਤੇ ਬੀਸੀ ਹਾਈਡਰੋ ਵੱਲੋਂ ਪਬਲਿਕ ਚਾਰਜਿੰਗ ਨੈੱਟਵਰਕ ਦਾ ਵਿਸਥਾਰ ਕੀਤਾ ਜਾ ਰਹਾ ਹੈ। ਊਰਜਾ ਅਤੇ ਜਲਵਾਯੂ ਹੱਲ ਮੰਤਰੀ ਐਡਰੀਅਨ ਡਿਕਸ ਨੇ ਐਲਾਨ ਕੀਤਾ ਕਿ ਤੇਲ ਦੀਆਂ ਕੀਮਤਾਂ ਵਧਣ ਕਾਰਨ ਭਾਰੀ ਗਿਣਤੀ ਵਿੱਚ ਲੋਕ ਇਲੈਕਟ੍ਰਿਕ ਵਾਹਨ ਅਪਣਾ ਰਹੇ ਹਨ। ਇਸ ਲਈ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਤਿੰਨ ਗੁਣਾ ਤੋਂ ਵੀ ਵੱਧ ਕਰਨ ਦੀ ਯੋਜਨਾ ਉਲੀਕੀ ਗਈ ਹੈ, ਤਾਂ ਜੋ ਡਰਾਈਵਰਾਂ ਨੂੰ ਸਫਰ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਪ੍ਰਮੁੱਖ ਪ੍ਰੋਜੈਕਟ ਲਈ 700 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ ਜਿਸ ਤਹਿਤ ਸਾਲ 2035 ਤੱਕ ਬੀਸੀ ਹਾਈਡਰੋ ਵੱਲੋਂ 3,500 ਨਵੇਂ ਪਬਲਿਕ ਚਾਰਜਿੰਗ ਪੋਰਟ ਲਗਾਏ ਜਾਣਗੇ। ਅਗਲੇ ਦਸ ਸਾਲਾਂ ਦੌਰਾਨ ਸੂਬੇ ਦੇ ਵੱਖ-ਵੱਖ ਭਾਈਚਾਰਿਆਂ, ਪ੍ਰਮੁੱਖ ਹਾਈਵੇਅ ਕੋਰੀਡੋਰਾਂ ਅਤੇ ਭੀੜ ਵਾਲੇ ਸ਼ਹਿਰੀ ਕੇਂਦਰਾਂ ਵਿੱਚ ਨਵੇਂ ਚਾਰਜਿੰਗ ਹੱਬ ਬਣਾਏ ਜਾਣਗੇ। ਮੌਜੂਦਾ ਸਮੇਂ ਬੀਸੀ ਹਾਈਡਰੋ ਦੇ ਫਾਸਟ-ਚਾਰਜਿੰਗ ਨੈੱਟਵਰਕ ਵਿੱਚ 190 ਥਾਵਾਂ ਉੱਤੇ 917 ਚਾਰਜਿੰਗ ਪੋਰਟ ਉਪਲਬਧ ਹਨ, ਪਰ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਜਾਵੇਗਾ।
ਬੀਸੀ ਹਾਈਡਰੋ ਦੀ ਪ੍ਰਧਾਨ ਅਤੇ ਸੀਈਓ ਸ਼ਾਰਲੋਟ ਮਿਥਾ ਨੇ ਦੱਸਿਆ ਕਿ ਉੱਤਰੀ ਅਮਰੀਕਾ ਵਿੱਚ ਇਲੈਕਟ੍ਰਿਕ ਵਾਹਨ ਖਰੀਦਣ ਦੀ ਦਰ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਨਵੇਂ ਚਾਰਜਿੰਗ ਸਟੇਸ਼ਨ ਇੱਕ ਸਟੈਂਡਰਡ ਡਿਜ਼ਾਈਨ ਮੁਤਾਬਕ ਤਿਆਰ ਕੀਤੇ ਜਾਣਗੇ ਜੋ ਗਾਹਕਾਂ ਲਈ ਸੁਵਿਧਾਜਨਕ ਹੋਣ ਦੇ ਨਾਲ-ਨਾਲ ਭੀੜ ਵਾਲੇ ਸਮੇਂ ਦੌਰਾਨ ਉਡੀਕ ਦਾ ਸਮਾਂ ਘਟਾਉਣ ਵਿੱਚ ਵੀ ਮਦਦ ਕਰਨਗੇ। ਇਸ ਪਹਿਲਕਦਮੀ ਨਾਲ ਨਾ ਸਿਰਫ਼ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਮਦਦ ਮਿਲੇਗੀ ਬਲਕਿ ਲੰਬੀ ਦੂਰੀ ਦਾ ਸਫਰ ਕਰਨ ਵਾਲੇ ਡਰਾਈਵਰਾਂ ਦਾ ਭਰੋਸਾ ਵੀ ਵਧੇਗਾ। This report was written by Ekjot Singh as part of the Local Journalism Initiative.
ਬੀਸੀ ਹਾਈਡਰੋ ਵੱਲੋਂ 3,500 ਨਵੇਂ ਚਾਰਜਿੰਗ ਪੋਰਟ ਲਗਾਉਣ ਦਾ ਐਲਾਨ, 700 ਮਿਲੀਅਨ ਡਾਲਰ ਦਾ ਨਿਵੇਸ਼

