ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪਾਰਕਾਂ ਵਿੱਚ ਰਸਤਿਆਂ ਨੂੰ ਬਿਹਤਰ ਬਣਾਉਣ, ਵਾਤਾਵਰਣ ਦੀ ਸੰਭਾਲ ਕਰਨ ਅਤੇ ਸੈਲਾਨੀਆਂ ਲਈ ਸਹੂਲਤਾਂ ਵਧਾਉਣ ਦੇ ਮਕਸਦ ਨਾਲ 100 ਤੋਂ ਵੱਧ ਕਮਿਊਨਿਟੀ ਪ੍ਰੋਜੈਕਟਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ। ਬੀਸੀ ਪਾਰਕਸ ਲਾਇਸੈਂਸ ਪਲੇਟ ਪ੍ਰੋਗਰਾਮ ਰਾਹੀਂ 2026 ਵਿੱਚ ਕਮਿਊਨਿਟੀ ਪਾਰਕ ਇਨਹਾਂਸਮੈਂਟ ਫੰਡ ਵਿੱਚੋਂ 350,000 ਡਾਲਰ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। ਵਾਤਾਵਰਣ ਅਤੇ ਪਾਰਕਾਂ ਬਾਰੇ ਮੰਤਰੀ ਤਮਾਰਾ ਡੇਵਿਡਸਨ ਨੇ ਦੱਸਿਆ ਕਿ ਇਹ ਫੰਡ ਸਥਾਨਕ ਸੰਸਥਾਵਾਂ ਅਤੇ ਵਲੰਟੀਅਰਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਦੇ ਸਮਰੱਥ ਬਣਾਉਂਦਾ ਹੈ ਜੋ ਪਾਰਕਾਂ ਦੀ ਸਾਂਭ-ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸਾਲ 2013 ਵਿੱਚ ਸ਼ੁਰੂ ਹੋਏ ਇਸ ਫੰਡ ਰਾਹੀਂ ਆਦਿਵਾਸੀ ਭਾਈਵਾਲਾਂ, ਕਮਿਊਨਿਟੀ ਗਰੁੱਪਾਂ ਅਤੇ ਗੈਰ-ਲਾਭਕਾਰੀ ਸੰਸਥਾਵਾਂ ਨਾਲ ਮਿਲ ਕੇ ਕਈ ਪ੍ਰਮੁੱਖ ਕੰਮ ਕੀਤੇ ਗਏ ਹਨ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਧਿਆਨ ਖਤਰੇ ਵਿੱਚ ਪੈ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ, ਜੰਗਲੀ ਜੀਵਾਂ ਦੀ ਨਿਗਰਾਨੀ ਕਰਨ, ਰਸਤਿਆਂ ਦੀ ਮੁਰੰਮਤ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬੋਰਡ ਲਗਾਉਣ ਉੱਤੇ ਰਿਹਾ ਹੈ। ਸਨਸ਼ਾਈਨ ਕੋਸਟ ਦੇ ਸਭ ਤੋਂ ਪ੍ਰਮੁੱਖ ਅਲਪਾਈਨ ਖੇਤਰਾਂ ਵਿੱਚੋਂ ਇੱਕ, ਸੇਸ਼ੇਲਟ ਨੇੜਲੇ ਟੈਟਰਾਹੇਡ੍ਰੋਨ ਪਾਰਕ ਵਿੱਚ ਵਲੰਟੀਅਰਾਂ ਵੱਲੋਂ ਪਾਰਕ ਦੇ ਕੈਬਿਨਾਂ ਅਤੇ ਰਸਤਿਆਂ ਦੀ ਸਾਂਭ-ਸੰਭਾਲ ਲਈ ਹਜ਼ਾਰਾਂ ਘੰਟੇ ਕੰਮ ਕੀਤਾ ਗਿਆ ਹੈ। ਇਸ ਫੰਡ ਦੀ ਮਦਦ ਨਾਲ ਕਈ ਰਸਤਿਆਂ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ਵਿੱਚ ਮਾਊਂਟ ਸਟੀਲ ਕੈਬਿਨ ਟ੍ਰੇਲ ਉੱਤੇ ਡਿੱਗੇ ਹੋਏ ਪੁਲ ਨੂੰ ਬਦਲਣਾ ਅਤੇ ਸਟੀਲ ਕਰੀਕ ਪੁਲ ਉੱਤੇ ਪੌੜੀਆਂ ਦੀ ਮੁੜ ਉਸਾਰੀ ਸ਼ਾਮਲ ਹੈ। ਇਸ ਤੋਂ ਇਲਾਵਾ ਟੈਨਿਸ ਝੀਲ ਦੇ ਨੇੜੇ ਇੱਕ ਨਵਾਂ ਬੋਰਡਵਾਕ ਵੀ ਲਗਾਇਆ ਜਾਵੇਗਾ ਤਾਂ ਜੋ ਮਿੱਟੀ ਖਿਸਕਣ ਅਤੇ ਚਿੱਕੜ ਵਰਗੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਕਲੱਬ ਦੇ ਖਜ਼ਾਨਚੀ ਮਾਈਕਲ ਵਿਲਸਨ ਨੇ ਕਿਹਾ ਕਿ ਪਾਰਕ ਇਨਹਾਂਸਮੈਂਟ ਫੰਡ ਉਨ੍ਹਾਂ ਦੀ ਸੰਸਥਾ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਮਹਿੰਗਾਈ ਵਧਣ ਕਾਰਨ ਨਿਰਮਾਣ ਸਮੱਗਰੀ ਖਰੀਦਣ ਲਈ ਇਹ ਮਾਲੀ ਮਦਦ ਉਨ੍ਹਾਂ ਵਰਗੇ ਕਲੱਬਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ। This report was written by Ekjot Singh as part of the Local Journalism Initiative.
ਪਾਰਕਾਂ ਦੇ ਵਿਕਾਸ ਅਤੇ ਸਾਂਭ-ਸੰਭਾਲ ਲਈ ਸਰਕਾਰ ਵਲੋਂ 350,000 ਡਾਲਰ ਜਾਰੀ

